ਮੜ੍ਹੀ ਦਾ ਦੀਵਾ:- ਗੁਰਦਿਆਲ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਲੇਖਕ ਦਾ ਇਹ ਪਹਿਲਾ ਨਾਵਲ ਸੀ ਜੋ 1964 ਵਿੱਚ ਛਪਿਆ।[1] ਇਹ ਪਹਿਲਾ ਪੰਜਾਬੀ ਨਾਵਲ ਹੈ ਜਿਸ ਦਾ ਰੂਸੀ ਭਾਸ਼ਾ ਵਿੱਚ ਤਰਜਮਾ ਹੋਇਆ [2]ਤੇ ਇਸ ਦੀਆਂ ਪੰਜ ਲੱਖ ਕਾਪੀਆਂ ਸੋਵੀਅਤ ਰੂਸ ਵਿੱਚ ਛਪ ਕੇ ਵਿਕੀਆਂ। ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਆਧੁਨਿਕ ਭਾਰਤੀ ਕਲਾਸਿਕ ਵਜੋਂ ਪ੍ਰਵਾਨਿਆ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰ ਕੇ ਛਾਪਿਆ ਹੈ।

ਮੜ੍ਹੀ ਦਾ ਦੀਵਾ  
[[File:ਤਸਵੀਰ:DKPAN 365OKKO large.jpg]]
ਲੇਖਕਗੁਰਦਿਆਲ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਪੰਜਾਬੀ ਪੇਂਡੂ ਜੀਵਨ ਦਾ ਬੇਕਿਰਕ ਯਥਾਰਥ
ਵਿਧਾਨਾਵਲ
ਪ੍ਰਕਾਸ਼ਨ ਮਾਧਿਅਮਪ੍ਰਿੰਟ

ਕਥਾਨਕ

ਮੜ੍ਹੀ ਦਾ ਦੀਵਾ ਦੀ ਕਹਾਣੀ ਜਗਸੀਰ ਨਾਮ ਦੇ ਇੱਕ ਦਲਿਤ ਜਾਤੀ ਨਾਲ ਸੰਬੰਧਿਤ ਪਾਤਰ ਦੁਆਲੇ ਘੁੰਮਦੀ ਹੈ। ਜਗਸੀਰ ਦੇ ਪਿਉ ਨੇ ਸਾਰੀ ਉਮਰ ਧਰਮ ਸਿੰਘ ਦੇ ਪਰਿਵਾਰ ਨਾਲ ਸੀਰ ਕੀਤਾ ਤੇ ਜਗਸੀਰ ਵੀ ਵਿਰਸੇ ਵਿੱਚ ਮਿਲੇ ਇਸੇ ਕਿੱਤੇ ਨਾਲ ਜੁੜਿਆ ਹੈ। ਧਰਮ ਸਿੰਘ ਲਈ ਆਪਣੇ ਪੁੱਤਰ ਭੰਤੇ ਤੇ ਜਗਸੀਰ ਵਿੱਚ ਕੋਈ ਫਰਕ ਨਹੀਂ। ਉਹ ਜਗਸੀਰ ਦੇ ਪਿਉ ਨੂੰ ਆਪਣੇ ਪਿਉ ਵਲੋਂ ਦਿੱਤਾ ਟਾਹਲੀ ਵਾਲਾ ਖੇਤ ਦੇਣਾ ਚਾਹੁੰਦਾ ਹੈ ਪਰ ਆਹਲਾ ਤੇ ਅਦਨਾ ਮਾਲਕੀ ਦਾ ਰਜਵਾੜਾਸ਼ਾਹੀ ਕਾਨੂੰਨ ਉਸ ਦੇ ਰਸਤੇ ਵਿੱਚ ਖੜਾ ਹੋਣ ਕਰ ਕੇ ਮਾਲਕੀ ਇੰਤਕਾਲ ਨਹੀਂ ਕਰ ਸਕਿਆ ਤੇ ਸਮੇਂ ਦੇ ਬਦਲਣ ਨਾਲ ਉਹ ਮਾਨਵਵਾਦੀ ਕਦਰਾਂ ਕੀਮਤਾਂ ਹੀ ਨਵੀਂ ਲਾਲਚੀ ਮਾਨਸਿਕਤਾ ਦੀ ਭੇਟ ਚੜ੍ਹ ਗਈਆਂ ਜਿਹਨਾਂ ਤੋਂ ਧਰਮ ਸਿੰਘ ਅਗਵਾਈ ਲੈਂਦਾ ਸੀ। ਉਹਦੀ ਪਤਨੀ ਤੇ ਪੁੱਤਰ ਦੋਵੇਂ ਜਗਸੀਰ ਸਿੰਘ ਪ੍ਰਤੀ ਧਰਮ ਸਿੰਘ ਦੇ ਪ੍ਰੇਮ ਭਰੇ ਵਤੀਰੇ ਨੂੰ ਗੁਨਾਹ ਵਜੋਂ ਲੈਣ ਲੱਗਦੇ ਹਨ। ਭੰਤਾ ਜਗਸੀਰ ਦੇ 'ਖੇਤ ' ਵਾਲੀ ਟਾਹਲੀ ਵਢਾ ਦਿੰਦਾ ਹੈ ਤੇ ਜਗਸੀਰ ਆਪਣੇ ਪਿਉ ਦੀ ਮੜ੍ਹੀ ਦੀਆਂ ਚਾਰ ਕੁ ਇੱਟਾਂ ਆਪਣੇ ਘਰ ਲਿਆ ਕੇ ਰੱਖ ਲੈਂਦਾ ਹੈ। ਉਹਦੀ ਮਾਂ ਦੀ ਮੌਤ ਹੋ ਜਾਂਦੀ ਹੈ ਤੇ ਉਹ ਆਪ ਉੱਕਾ ਟੁੱਟ ਜਾਂਦਾ ਹੈ। ਧਰਮ ਸਿੰਘ, ਭਾਨੀ ਅਤੇ ਰੌਣਕੀ ਅਮਲੀ ਤੋਂ ਸਿਵਾ ਕੋਈ ਉਹਦਾ ਦਰਦੀ ਨਹੀਂ। ਇਹ ਤਿੰਨੋਂ ਪਾਤਰ ਉਨ੍ਹਾਂ ਅਣਹੋਇਆਂ ਦੀ ਹੋਣੀ ਦੇ ਪੂਰਵਸੰਕੇਤ ਬਣ ਨਿਬੜਦੇ ਹਨ ਜਿਹਨਾਂ ਨੂੰ ਦਨਦਨਾਉਂਦਾ ਆਉਂਦਾ ਨਵਾਂ ਨਜ਼ਾਮ ਹਾਸ਼ੀਏ ਵੱਲ ਧੱਕ ਦਿੰਦਾ ਹੈ। ਰੌਣਕੀ ਦੀ ਪਤਨੀ ਜਦੋਂ ਉਹਨੂੰ ਇੱਕਲੇ ਨੂੰ ਛੱਡ ਕੇ ਚਲੀ ਜਾਂਦੀ ਹੈ ਤਾਂ ਉਹਦੇ ਰੱਬ ਨੂੰ ਲਾਂਭੇ ਅਤੇ ਸਾਰੇ ਬਿਰਤਾਂਤ ਵਿੱਚ ਰਚਿਆ ਕਥਨ - ' ਬੰਦਿਆ ਤੇਰੀਆਂ ਦਸ ਦੇਹੀਆਂ ਇੱਕੋ ਗਈ ਵਿਹਾਅ ਨਉਂ ਕਿੱਧਰ ਗਈਆਂ ' [3] ਮਾਹੌਲ ਨੂੰ ਘੋਰ ਦੁਖਾਂਤ ਦੀ ਰੰਗਤ ਚਾੜ੍ਹ ਦਿੰਦਾ ਹੈ।

ਆਲੋਚਨਾ

ਆਲੋਚਕ ਡਾ. ਅਤਰ ਸਿੰਘ ਨੇ ਇਸ ਦੀ ਤੁਲਨਾ ਭਾਰਤ ਦੇ ਉੱਘੇ ਗਲਪਕਾਰ ਮੁਨਸ਼ੀ ਪ੍ਰੇਮ ਚੰਦ ਦੇ ਕਲਾਸਿਕ ਨਾਵਲ ਗੋਦਾਨ ਅਤੇ ਫ਼ਨੇਸ਼ਵਰ ਰੇਣੂ ਦੇ ਮੈਲਾ ਆਂਚਲ ਨਾਲ ਕੀਤੀ। ਪੰਜਾਬੀ ਨਾਵਲਕਾਰ ਨਾਨਕ ਸਿੰਘ ਨੇ ਨਾਵਲ ਪੜ੍ਹ ਕੇ ਲਿਖਿਆ ਕਿ ਮੜ੍ਹੀ ਦਾ ਦੀਵਾ ਸ਼ਾਇਦ ਪੰਜਾਬੀ ਦਾ ਪਹਿਲਾ ਨਾਵਲ ਹੈ ਜੀਹਨੇ ਮੈਨੂੰ ਨਸ਼ਿਆ ਦਿੱਤਾ ਹੈ।

ਇਕ ਸਾਲ ਬਾਅਦ ਜਦੋਂ ਇਹ ਹਿੰਦੀ ਵਿੱਚ ਛਪਿਆ ਤਾਂ ਹਿੰਦੀ ਦੇ ਆਲੋਚਕ ਡਾ. ਨਾਮਵਰ ਸਿੰਘ ਨੇ ਇਸ ਨੂੰ ਦੁਨੀਆਂ ਦੇ ਸਭ ਤੋਂ ਪ੍ਰਸਿੱਧ ਰੂਸੀ ਨਾਵਲ ‘ਜੰਗ ਤੇ ਅਮਨ’ ਦੇ ਹਾਣ ਦੀ ਗਲਪ-ਰਚਨਾ ਕਰਾਰ ਦਿੱਤਾ ਜਿਸ ਨਾਲ਼ ਹਿੰਦੀ ਸਾਹਿਤ ਵਿੱਚ ਵੀ ਗੁਰਦਿਆਲ ਸਿੰਘ ਦੀ ਚਰਚਾ ਹੋਣ ਲੱਗੀ।

ਫ਼ਿਲਮ

1989 ਵਿੱਚ ਇਸ ਦੀ ਕਹਾਣੀ ’ਤੇ ਅਧਾਰਤ ਇਸੇ ਨਾਂ ਦੀ ਇੱਕ ਪੰਜਾਬੀ ਫ਼ਿਲਮ ਵੀ ਬਣੀ ਜਿਸ ਦਾ ਨਿਰਦੇਸ਼ਕ ਸਰਿੰਦਰ ਸਿੰਘ ਹੈ। ਇਸ ਵਿੱਚ ਮੁੱਖ ਕਿਰਦਾਰ ਰਾਜ ਬੱਬਰ (ਬਤੌਰ ਜਗਸੀਰ), ਦੀਪਤੀ ਨਵਲ (ਭਾਨੀ) ਅਤੇ ਪੰਕਜ ਕਪੂਰ (ਰੌਣਕੀ) ਨੇ ਨਿਭਾਏ ਹਨ।

ਹਵਾਲੇ