ਬੇਗਾਨਾ ਪਿੰਡ

ਭਾਰਤਪੀਡੀਆ ਤੋਂ
Jump to navigation Jump to search

ਇੱਕਰਸੀ ਰੁੱਤ’ (ਬਿਗਾਨਾ ਪਿੰਡ) ਗੁਰਦਿਆਲ ਸਿੰਘ ਦੀ ਲਿਖੀ ਇੱਕ ਪੰਜਾਬੀ ਕਹਾਣੀ ਹੈ।

ਕਹਾਣੀ ਬਾਰੇ

‘ਇੱਕਰਸੀ ਰੁੱਤ’ (ਬਿਗਾਨਾ ਪਿੰਡ) ਕਹਾਣੀ ਵਿੱਚ ਕੌੜੀ ਨਾਮ ਦੀ ਔਰਤ ਆਪਣੇ ਨੂੰਹ-ਪੁੱਤ ਕੋਲ ਰਹਿਣ ਲਈ ਆਉਂਦੀ ਹੈ, ਅਤੇ ਉਹਨਾਂ ਦੇ ਨੌਕਰੀ ਤੇ ਜਾਣ ਮਗਰੋਂ ਬੱਚੇ ਨੂੰ ਸੰਭਾਲਦੀ ਹੈ। ਕੌੜੀ ਦੀ ਨੂੰਹ ਵੀ ਇਸ ਨਾਲ ਪਿਆਰ ਨਾਲ ਬੋਲਦੀ ਹੈ ਤੇ ਇਸਦਾ ਪੁੱਤ ਵੀ। ਇੱਕ ਦਿਨ ਕੌੜੀ ਬੀਮਾਰ ਸੀ, ਜਿਸ ਕਾਰਨ ਉਸਨੂੰ ਆਪਣਾ ਚਿੱਤ ਘਬਰਾਉਂਦਾ ਮਹਿਸੂਸ ਹੋਇਆ। ਫਿਰ ਸੰਤੋਖ ਨੇ ਆ ਕੇ ਕੌੜੀ ਨੂੰ ਦੁਆਈ ਦੇ ਦਿੱਤੀ ਅਤੇ ਕੌੜੀ ਠੀਕ ਹੋ ਗਈ। ਸੰਤੋਖ ਅਤੇ ਵਹੁਟੀ ਦੋਵੇਂ ਤਿਆਰ ਹੋ ਕੇ ਚਲੇ ਗਏ, ਕੌੜੀ ਅੰਦਰ ਆ ਕਾਕੇ ਨੂੰ ਸਵਾਉਣ ਲੱਗੀ ਅਤੇ ਆਪ ਵੀ ਲੇਟ ਗਈ। ਕੁਝ ਚਿਰ ਬਾਅਦ ਛੱਤ ਵੱਲ ਵੇਖਦੇ ਵੇਖਦੇ ਇਸ ਦਾ ਮਨ ਓਪਰੇ ਵਹਿਣਾ ਵਿੱਚ ਵਹਿ ਤੁਰਿਆ। ਉਹ ਸੋਚਦੀ ਹੈ ਕਿ ਏਥੇ ਆਏ ਸਾਲ ਬੀਤ ਗਿਆ ਸੀ। ਨੂੰਹ ਦਾ ਜਾਪਾ ਕਟਾਉਣ ਬਹਾਨੇ ਇਹ ਦੇਖਣ ਆਈ ਸੀ, ਕਿ ਨੂੰਹ ਦਾ ਉਸ ਦੇ ਪੁੱਤ ਨਾਲ ਕਿੰਨ੍ਹਾ ਕੁ ਮੋਹ ਸੀ, ਜਿਹੜੀ ਨੂੰ ਉਹਦਾ ਪੁੱਤ ਆਪਣੀ ਮਰਜ਼ੀ ਨਾਲ ਵਿਆਹ ਕੇ ਲਿਆਇਆ ਸੀ। ਇਸ ਲਈ ਸ਼ਰੀਕੇ ਵਿੱਚ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਸੀ। ਕਿਉਂਕਿ ਵਿਆਹ ਦੀਆਂ ਕੋਈ ਰਸਮਾਂ ਨਹੀਂ ਹੋਈਆਂ ਸਨ। ਵਿਆਹ ਤੋਂ ਸਾਲ ਪਿੱਛੋਂ ਸੰਤੋਖ ਦੇ ਪਿੰਡ ਆਉਣ ਤੇ ਕਿਸੇ ਨੇ ਉਸਨੂੰ ਤਾਂ ਕੋਈ ਸਿੱਧੇ ਮੂੰਹ ਨਹੀਂ ਬੁਲਾਇਆ।ਸੰਤੋਖ ਦੇ ਬਾਪੂ ਨੂੰ ਅਤੇ ਉਸਦੇ ਭਰਾ ਨੂੰ ਇਸ ਤੋ ਕੋਈ ਗਿਲਾ ਨਹੀਂ ਸੀ। ਉਹ ਕੌੜੀ ਨੂੰ ਸੰਤੋਖੇ ਨਾਲ ਭੇਜ਼ ਦਿੰਦੇ ਹਨ। ਉਸਨੂੰ ਕਈ ਦਿਨ ਤਾਂ ਇਹ ‘ਓਪਰਾ ਦੇਸ’ ਸੁਰਗ-ਜਿਹਾ ਲੱਗਦਾ ਰਿਹਾ ਉਸਦੀ ਨੂੰਹ ਹਰ ਵੇਲੇ ਉਸਨੁੰ ‘ਮਾਂ-ਜੀ-ਮਾਂ-ਜੀ’ ਕਹਿੰਦੀ ਸੀ। ਜਾਪੇ ਦੇ ਦਿਨਾਂ ਵਿੱਚ ਵੀ ਹਸਪਤਾਲ ਵਿੱਚ ਉਹਨੇ ਉਹਨੂੰ ਬੇਅਰਾਮੀ ਨਹੀਂ ਕੱਟਣ ਦਿੱਤੀ ਸੀ ਤੇ ਉਹਨਾਂ ਨੇ ਇੱਕ ਮਾਈ ਵੀ ਰੱਖ ਲਈ।

ਕੌੜੀ ਗੁਰਦੁਆਰੇ ਜਾਂਦੀ ਤੇ ਆਪਣੀ ਉਮਰ ਦੀ ਇੱਕ ਤੀਵੀਂ ਨਾਲ ਵਾਕਫੀ ਪਾ ਕੇ ਉਸ ਨਾਲ ਦੁੱਖ-ਸੁੱਖ ਸਾਂਝਾ ਕਰਦੀ। ਉਹ ਵੀ ਕੌੜੀ ਵਾਂਗ ਆਪਣੇ ਨੂੰ-ਪੁੱਤ ਕੋਲ ਆਈ ਹੋਈ ਸੀ, ਇਸ ਕਰਕੇ ਉਹ ਕੌੜੀ ਤੋਂ ਈਰਖਾ ਕਰਨ ਲੱਗ ਪਈ ਸੀ।ਕੌੜੀ ਦੀ ਨੂੰਹ ਕਾਲਜ ਵਿੱਚ ਪੜ੍ਹਾਉਂਦੀ ਸੀ ਤੇ ਪੁੱਤ ਕਾਰਖ਼ਾਨੇ ਵਿੱਚ ਇੰਜੀਨਿਅਰ ਸੀ। ਸਰਕਾਰੀ ਕੁਆਟਰ ਮਿਲਿਆ ਹੋਇਆ ਸੀ-ਕੋਠੀ ਵਰਗਾ।ਲੋੜ ਦੀ ਹਰੇਕ ਚੀਜ਼ ਘਰ ਵਿੱਚ ਮੌਜੂਦ ਸੀ।ਕਦੇ-ਕਦੇ ਤਾਂ ਕੌੜੀ ਸੋਚਦੀ: ‘ਸੁਰਗ ਕਿਧਰੇ ਹੋਰ ਹੋਊ? ਏਡੇ ਚੰਗੇ ਨੂੰਹ-ਪੁੱਤ, ਚੰਦ ਵਰਗਾ ਪੋਤਾ, ਭਰਿਆਂ-ਭਕੁੰਨਿਆ ਘਰ-ਸੁਰਗ ਹੋਰ ਕੀ ਹੁੰਦੈ?’ ਪਰ ਫੇਰ ਵੀ ਪਤਾ ਨਹੀਂ ਕਿਉਂ ਅਚਾਨਕ ਉਹਦਾ ਚਿੱਤ ਕਾਹਲਾ ਪੈਣ ਲੱਗ ਪੈਂਦਾਪਿਛਲੇ ਦੋ ਢਾਈ ਮਹੀਨਿਆਂ ਵਿੱਚ ਉਹਨੇ ਸੰਤੋਖ ਨੂੰ ਕਈ ਵਾਰੀ ਕਿਹਾ ਸੀ, ਕਿ ‘ਕਾਕਾ ਮੈਨੂੰ ਪਿੰਡ ਛੱਡ ਆ।’ ਉਹ ਹਰ ਵਾਰੀ ਇੱਕੋ ਜੁਆਬ ਦਿੰਦਾ, ‘ਤੁਸੀ ਉੱਥੇ ਜਾ ਕੇ ਕੀ ਕਰਨੈ।’ ਉਹਨੂੰ ਕਈਂ ਵਾਰ ਰਾਤ ਨੂੰ ਸੁਪਨੇ ਵਿੱਚ ਪਿੰਡ ਆਉਦਾ, ਘਰ ਦਾ ਖੁੱਲ੍ਹਾ ਵਿਹੜਾ, ਖੇਡਦੇ ਨਿਆਣੇ, ਗਿਆਨੇ ਦਾ ਮੁੰਡਾ ਮੇਲੂ ਤੇ ਕੁੜੀ ਕਰਮੀ,ਪਸ਼ੂਆਂ ਦੀ ਖੁਰਲੀ ਕੋਲ, ਗੋਹੇ ਨਾਲ ਹੱਥ ਲਬੇੜੀ, ਖਿੜ-ਖਿੜ ਹਸਦੇ ਇੱਕ ਦੂਜੇ ਦੇ ਮਗਰ ਭੱਜੇ ਫਿਰਦੇ ਦਿਸਦੇ। ਉਹ ਉਹਨਾਂ ਨੂੰ ਉੱਚੀ ਹੋਕਰਾ ਮਾਰਦੀ ਆਖਦੀ ਕਿਸੇ ਦੇ ਸੱਟ ਫੇਟ ਵੱਜ-ਜੂ। ਇਹ ਸੋਚਦੀ-ਸੋਚਦੀ ਦਾ ਉਹਦਾ ਚਿੱਤ ਬੜਾ ਕਾਹਲਾ ਪੈਂਦਾ ਤੇ ਕਦੇ ਉਹਦਾ ਜੀਅ ਏਸ ਗੱਲੋਂ ਈ ਅੱਕ ਜਾਂਦਾ ਕਿ ਏਸ ਪਾਸੇ ਨਾ ਕਦੇ ਜੇਠ-ਹਾੜ੍ਹ ਵਾਂਗ ਕਰੜੀ ਧੁੱਪ ਪੈਂਦੀ ਸੀ, ਕਿ ਤੌੜੇ ਦਾ ਪਾਣੀ ਰੱਜ ਕੇ ਪੀ ਲਿਆ ਜਾਏ, ਨਾ ਏਨੀ ਠੰਢ ਹੁੰਦੀ ਸੀ, ਕਿ ਚੁੱਲ੍ਹੇ ਮੂਹਰੇ ਬਹਿ ਕੇ ਅੱਗ ਸੇਕਣ ਨੂੰ ਜੀਅ ਕਰੇ।ਉਹਨੇ ਸੰਤੋਖ ਨੂੰ ਕਈ ਵਾਰੀ ਪੁੱਛਿਆ ਸੀ ਕਿ ਏਥੇ ਰੁੱਤ ਇੱਕਰਸੀ ਕਿਉਂ ਰਹਿੰਦੀ ਸੀ? ਉਹ ਹੱਸ ਕੇ ਗੱਲ ਟਾਲਦਿਆ ਕਹਿੰਦਾ, ‘ਇਹ ਰੁੱਤ ਚੰਗੀ ਨੀ੍ਹ ਲੱਗਦੀ ਬੇਬੇ? ਇਹੋ-ਜੀ ਰੁੱਤ ਨੂੰ ਤਾਂ ਪੰਜਾਬ `ਚ ਲੋਕ ਤਰਸਦੇ ਹੋਣਗੇ।’

ਇੱਕ ਵਾਰੀ ਉਹਨੇ ਦੱਸ ਵੀ ਦਿੱਤਾ, ਕਿ ਏਥੋਂ ਸਮੁੰਦਰ ਨੇੜੇ ਹੋਣ ਕਰਕੇ ਹੀ ਰੁੱਤ ਇੱਕਰਸੀ ਰਹਿੰਦੀ ਸੀ।ਤੇ ਹੁਣ ਤਾਂ ਉਹਨੂੰ ਉਂਜ ਹੀ ਸਭ ਕੁਝ ਘੂਰੇ ਗਲੋਟੇ ਵਾਂਗ, ਓਪਰਾ ਲੱਗਣ ਲੱਗ ਪਿਆ ਸੀ। ਨੂੰਹ ਦਾ ਮਿੱਠਾ, ਇੱਕਰਸ ਬੋਲ ਵੀ ਪਤਾ ਨਹੀਂ ਕਿਉਂ ਚੰਗਾ ਲੱਗਣੋਂ ਹੱਟ ਗਿਆ ਸੀ। ਉਸਨੂੰ ਕਈ ਦਿਨਾਂ ਤੋਂ ਆਪਣੀ ਛੋਟੀ ਨੂੰਹ ਚੇਤੇ ਆਉਣ ਲੱਗ ਪਈ ਸੀ, ਗਿਆਨੇ ਦੀ ਬਹੂ ਹੁਣ ਮਾਈ ਵੀ ਚੰਗੀ ਤਰ੍ਹਾਂ ਗੱਲ ਨਾ ਕਰਦੀ।ਉਹਦੀ ਆਮ ਆਦਤ ਇਹੋ ਸੀ, ਕਿ ਛਪਾ-ਛਪ ਕੰਮ ਕਰਕੇ ਤੁਰਦੀ ਬਣਦੀ।ਉਂਜ ਵੀ ਉਹ ਕੌੜੀ ਨੂੰ ਕਦੇ ਕੰਮ ਨਹੀਂ ਕਰਨ ਦਿੰਦੀ ਸੀ।ਪਰ ਅੱਜ ਤਾਂ ਉਹ ਮਾਈ ਨਾਲ ਵੀ ਚੰਗੀ ਤਰ੍ਹਾਂ ਨਹੀਂ ਸੀ ਬੋਲੀ।ਉਹ ਕੰਮ ਕਰਕੇ ਚਲੀ ਗਈ ਤਾਂ ਕਾਕਾ ਜਾਗ ਪਿਆ। ਕੌੜੀ ਉਹਨੂੰ ਦੁੱਧ ਪਿਆਉਣ ਦੇ ਆਹਰ ਵਿੱਚ ਲੱਗ ਪਈ। ਉਹ ਅਜੇ ਨਹਾਤੀ ਵੀ ਨਹੀਂ ਸੀ, ਕਿ ਉਸਦੀ ਨੂੰਹ ਵਾਪਸ ਵੀ ਆ ਗਈ। ਫਿਰ ਸੰਤੋਖ ਈ ਆਪਣੇ ਦੋ-ਤਿੰਨ ਦੋਸਤਾਂ ਨੂੰ ਨਾਲ ਲੈ ਕੇ ਘਰ ਆ ਗਿਆ ਤੇ ਉਹਨਾਂ ਦੇ ਹਾਸੇ ਦੀ ਛਣਕਾਰ ਤੇ ਬਹੂ ਰਾਣੀ ਦੀਆਂ ਚੱਪਲਾਂ ਦੀ ਟਿੱਪ-ਟਿੱਪ ਲਗਾਤਾਰ ਸੁਣ ਕੇ ਕੌੜੀ ਦਾ ਚਿੱਤ ਕਾਹਲਾ ਪੈਣ ਲੱਗ ਪਿਆ।ਉਹ ਸਾਰੇ ਬਾਹਰ ਤੁਰ ਗਏ, ਸ਼ਇਦ ਸਿਨੇਮਾ ਵੇਖਣ।

ਉਹਨਾਂ ਦੇ ਜਾਣ ਤੋਂ ਬਾਅਦ ਸਾਰਾ ਘਰ ਸੁੰਨ ਹੋ ਗਿਆ। ਅਗਲੀ ਸਵੇਰ ਫਿਰ ਕੌੜੀ ਦੀ ਤਬੀਅਤ ਖ਼ਰਾਬ ਹੋ ਜਾਂਦੀ ਹੈ ਤਾਂ ਉਦੋਂ ਸੰਤੋਖ ਉਸਨੂੰ ਗੋਲ਼ੀ ਦੇ ਦਿੰਦਾ ਹੈ ਤੇ ਉਹ ਠੀਕ ਹੋ ਜਾਂਦੀ ਹੈ। ਸੰਤੋਖ ਆਪਣੀ ਵਹੁਟੀ ਨੂੰ ਕਹਿੰਦਾ ਹੈ- ‘ਹੋਰ ਇਲਾਜ ਵੀ ਕੀ ਐ? ਮੁਸ਼ਕਲ ਮੈਨੂੰ ਵੀ ਦਿਸਦੀ ਐ, ਪਰ ਕੋਈ ਨੌਕਰਾਣੀ ਰੱਖ ਲਵਾਂਗੇ।’ ਉਹ ਆਪਣੀ ਮਾਂ ਨੂੰ ਕਹਿੰਦਾ ਹੈ, ਕਿ ‘ਬੇਬੇ ਮੈਂ ਥੋਡੀ ਸੀਟ ਬੁੱਕ ਕਰਵਾ ਆਇਐ। ਅਗਲੇ ਸ਼ਨੀਵਾਰ ਰਾਤ ਦੀ ਗੱਡੀ ਦੀ ਹੋਈ ਐ। ਸਾਡੇ ਇੱਕ ਇੰਜਨੀਅਰ ਨੇ ਪੰਜਾਬ ਜਾਣੈ, ਉਹ ਥੋਨੂੰ ਪਿੰਡ ਛੱਡ ਆਊ।’ ਕੌੜੀ ਸੁਣਦਿਆਂ ਈ ਜਿਵੇਂ ਸੁੰਨ-ਜਿਹੀ ਹੋ ਗਈ ਤੇ ਕਹਿੰਦੀ, ਕਿ ਜੇ ਤੁਹਾਡਾ ਨਹੀਂ ਸਰਦਾ ਤਾਂ ਮੈਂ ਕੁਝ ਚਿਰ ਹੋਰ ਰਹਿ ਪੈਨੀ ਹਾਂ।

ਹਵਾਲਾ

ਡਾ. ਤਰਸੇਮ ਸਿੰਘ, “ ਗੁਰਦਿਆਲ ਸਿੰਘ ਸੰਦਰਭ ਕੋਸ਼”, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ