ਬੁੱਢਾ ਅਤੇ ਸਮੁੰਦਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਪੁਸਤਕ

ਆਪਣੀ ਉਮਰ ਦੇ 100 ਸਾਲ ਪੂਰੇ ਕਰ ਚੁੱਕਿਆ, ਗਰੀਗੋਰੀਓ ਫ਼ੁਐਂਤੇ, ਜਿਸ ਨੂੰ ਹੈਮਿੰਗਵੇ ਦੇ ਨਾਵਲ ਬੁੱਢਾ ਅਤੇ ਸਮੁੰਦਰ ਦੇ ਨਾਇਕ ਲਈ ਮਾਡਲ ਮੰਨਿਆ ਜਾਂਦਾ ਹੈ, ਇੱਕ ਚਰਚਾ ਵਿੱਚ ਹਿੱਸਾ ਲੈਂਦਾ ਹੋਇਆ।

ਬੁੱਢਾ ਅਤੇ ਸਮੁੰਦਰ (ਮੂਲ ਅੰਗਰੇਜ਼ੀ:The old man and the sea, ਦ ਓਲਡ ਮੈਨ ਐਂਡ ਦ ਸੀ) ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦੁਆਰਾ 1951 ਵਿੱਚ ਕਿਊਬਾ ਵਿੱਚ ਲਿਖਿਆ ਅਤੇ 1952 ਵਿੱਚ ਛਪਿਆ ਇੱਕ ਨਾਵਲ ਹੈ।[1] ਇਹ ਹੈਮਿੰਗਵੇ ਦੁਆਰਾ ਲਿਖੀ ਆਖ਼ਰੀ ਮੁੱਖ ਰਚਨਾ ਹੈ ਜੋ ਉਸਨੇ ਆਪਣੇ ਜੀਵਨਕਾਲ ਵਿੱਚ ਛਪਵਾਈ।

ਇਹ ਬੁੱਢੇ ਹੋ ਰਹੇ ਮਾਹੀਗੀਰ ਸੈਂਟੀਆਗੋ ’ਤੇ ਕੇਂਦਰਤ ਹੈ ਜੋ ਗਲਫ਼ ਸਟ੍ਰੀਮ ਵਿੱਚ ਇੱਕ ਵਿਸ਼ਾਲ ਮਾਰਲਿਨ ਦੇ ਨਾਲ਼ ਜੂਝ ਰਿਹਾ ਹੈ। ਇਸ ਨਾਵਲ ਲਈ ਹੈਮਿੰਗਵੇ ਨੂੰ 1953 ਵਿੱਚ ਪੁਲਿਤਜਰ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਅਤੇ ਨੋਬਲ ਕਮੇਟੀ ਦੁਆਰਾ ਇਸ ਇਨਾਮ ਦੇ ਹਵਾਲੇ ਨਾਲ਼ ਹੈਮਿੰਗਵੇ ਨੂੰ 1954 ਵਿੱਚ ਸਾਹਿਤ ਲਈ ਨੋਬਲ ਇਨਾਮ ਦਿੱਤਾ ਗਿਆ।

ਕਹਾਣੀ ਸਾਰ

ਇਹ ਇੱਕ ਘਾਗ ਅਤੇ ਤਜਰਬੇਕਾਰ ਮਾਹੀਗੀਰ ਸੈਂਟੀਆਗੋ ਦੇ ਅਜ਼ਮ ਦੀ ਕਹਾਣੀ ਹੈ ਜੋ ਕਿਊਬਾ ਦੀ ਬੰਦਰਗਾਹ ਹਵਾਨਾ ਦੇ ਕਰੀਬ ਸਮੁੰਦਰ ਵਿੱਚ ਮਛਲੀਆਂ ਪਕੜਨ ਦਾ ਕੰਮ ਕਰਦਾ ਹੈ। ਉਸਨੂੰ ਚੌਰਾਸੀ ਦਿਨ ਤੱਕ ਕੋਈ ਵੀ ਮਛਲੀ ਪਕੜਨ ਵਿੱਚ ਨਾਕਾਮੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਵਿੱਚ ਉਸ ਦੀ ਸਿਰੇ ਦੀ ਬਦਬਖ਼ਤੀ ਦੀ ਚਰਚਾ ਹੁੰਦੀ ਹੈ। ਉਸ ਦੇ ਸ਼ਾਗਿਰਦ ਨੇਕ ਦਿਲ ਮਾਨੋਲਨ ਨੂੰ ਉਸ ਦੇ ਮਾਪਿਆਂ ਨੇ ਬੁੱਢੇ ਸੈਂਟੀਆਗੋ ਦੇ ਨਾਲ ਜਾਣ ਤੋਂ ਰੋਕ ਦਿੱਤਾ ਅਤੇ ਕਿਸੇ ਕਾਮਯਾਬ ਮਛੇਰੇ ਨਾਲ ਵਾਬਸਤਾ ਹੋਣ ਦਾ ਹੁਕਮ ਦਿੱਤਾ। ਫਿਰ ਵੀ ਮਾਨੋਲਨ ਬੁੱਢੇ ਨੂੰ ਮਿਲਣ ਆਇਆ। ਅਤੇ ਪਚਾਸੀਵੇਂ ਦਿਨ ਸੈਂਟੀਆਗੋ ਨੇ ਲੜਕੇ ਤੋਂ ਕੁਝ ਛੋਟੀਆਂ ਮੱਛੀਆਂ ਲਈਆਂ ਅਤੇ ਗਲਫ਼ ਸਟ੍ਰੀਮ ਵਿੱਚ ਕਿਸੇ ਵੱਡੀ ਮਾਰ ਲਈ ਰਵਾਨਾ ਹੋਇਆ। ਆਖ਼ਿਰ ਉਹ ਇੱਕ ਵੱਡੀ ਮੱਛੀ ਫਸਾਉਣ ਵਿੱਚ ਕਾਮਯਾਬ ਹੋ ਹੀ ਗਿਆ। ਮੱਛੀ ਏਡੀ ਵੱਡੀ ਸੀ ਕਿ ਉਸ ਕੋਲੋਂ ਇਹ ਧੂਹੀ ਨਹੀਂ ਸੀ ਜਾ ਰਹੀ। ਸਗੋਂ ਉਹ ਕਸ਼ਤੀ ਨੂੰ ਧੂਹ ਰਹੀ ਸੀ। ਸੂਰਜ ਡੁੱਬ ਗਿਆ ਲੇਕਿਨ ਮਛਲੀ ਆਪਣੇ ਸਫ਼ਰ ਤੇ ਚਲਦੀ ਰਹੀ। ਉਸ ਦੇ ਨਾਲ ਨਾਲ ਬੁੱਢੇ ਦਾ ਸਫ਼ਰ ਵੀ ਜਾਰੀ ਰਿਹਾ। ਉਹ ਨਾਲ ਨਾਲ ਇਹ ਵੀ ਕਹੀ ਜਾਂਦਾ ਸੀ ਕਿ ਮਛਲੀ ਮੈਂ ਆਖ਼ਿਰ ਦਮ ਤੱਕ ਤੇਰੇ ਨਾਲ ਰਹੂੰਗਾ ਅਤੇ ਤੇਰਾ ਡਟ ਕੇ ਮੁਕਾਬਲਾ ਕਰੂੰਗਾ। ਅਗਲੀ ਸਵੇਰ ਉਸ ਦੀ ਡੋਰ ਨੂੰ ਝਟਕਾ ਲੱਗਾ ਅਤੇ ਉਹ ਘੁੱਟਣਿਆਂ ਭਾਰ ਕਸ਼ਤੀ ਵਿੱਚ ਜਾ ਗਿਰਿਆ। ਉਸ ਦੇ ਹੱਥ ਵਿੱਚੋਂ ਖ਼ੂਨ ਬਹਿ ਨਿਕਲਿਆ ਉਸ ਨੇ ਮਛਲੀ ਨੂੰ ਉਸ ਵਕਤ ਦੇਖਿਆ, ਜਦੋਂ ਉਹ ਇੱਕ ਦਮ ਉਛਲੀ ਅਤੇ ਦੁਬਾਰਾ ਪਾਣੀ ਵਿੱਚ ਚਲੀ ਗਈ। ਉਸ ਨੂੰ ਮਛਲੀ ਦੇ ਸ਼ਿਕਾਰ ਵਿੱਚ ਬੜੀਆਂ ਹੀ ਮੁਸ਼ਕਲਾਂ ਪੇਸ਼ ਆਈਆਂ ਲੇਕਿਨ ਉਸ ਨੇ ਇੱਕ ਪਲ ਲਈ ਵੀ ਉਮੀਦ ਦਾ ਦਾਮਨ ਹਥੋਂ ਨਹੀਂ ਛਡਿਆ। ਦੋ ਦਿਨ ਅਤੇ ਦੋ ਰਾਤਾਂ ਇਸ ਜੱਦੋ ਜਹਿਦ ਵਿੱਚ ਲੰਘ ਗਈਆਂ। ਤੀਸਰੇ ਦਿਨ ਮਛਲੀ ਥੱਕ ਗਈ ਅਤੇ ਕਿਸਤੀ ਦੁਆਲੇ ਗੇੜੇ ਲਾਉਣ ਲੱਗੀ। ਬੇਸ਼ੁਮਾਰ ਮੁਸ਼ਕਲਾਂ ਦੇ ਬਾਦ ਜਦੋਂ ਉਹ ਕਾਮਯਾਬ ਹੋ ਗਿਆ ਅਤੇ ਜੰਗ ਜਿੱਤ ਗਿਆ, ਉਹ ਰੱਸੀ ਦੀ ਮਦਦ ਨਾਲ ਮਛਲੀ ਨੂੰ ਬੰਨ੍ਹ ਕੇ ਜਿਸ ਬਾਰੇ ਉਸ ਦਾ ਖ਼ਿਆਲ ਸੀ ਕਿ ਉਸ ਦਾ ਵਜ਼ਨ ਘੱਟ ਤੋਂ ਘੱਟ ਡੇੜ੍ਹ ਹਜ਼ਾਰ ਪੌਂਡ ਹੋਵੇਗਾ, ਖੁਸ਼ੀ ਖੁਸ਼ੀ ਘਰ ਨੂੰ ਰਵਾਨਾ ਹੋਇਆ। ਇਸ ਦੌਰਾਨ ਇੱਕ ਖੂੰਖਾਰ ਸ਼ਾਰਕ ਨੇ ਮਛਲੀ ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਗੋਸ਼ਤ ਨੋਚਣਾ ਸ਼ੁਰੂ ਕਰ ਦਿੱਤਾ। ਬੁੱਢੇ ਨੇ ਨੇਜ਼ਾ ਉਸ ਦੇ ਸਿਰ ਤੇ ਦੇ ਮਾਰਿਆ। ਸ਼ਾਰਕ ਉਲਟ ਤਾਂ ਗਈ ਲੇਕਿਨ ਉਸ ਦੇ ਹਥੋਂ ਨੇਜ਼ਾ ਅਤੇ ਰੱਸਾ ਵੀ ਗਿਆ। ਦੋ ਘੰਟੇ ਬਾਦ ਹੋਰ ਸ਼ਾਰਕਾਂ ਨੇ ਮਛਲੀ ਤੇ ਹਮਲਾ ਕਰ ਦਿੱਤਾ। ਬੁੱਢੇ ਨੇ ਚੱਪੂ ਨਾਲ ਤੇਜ਼ਧਾਰ ਵਾਲਾ ਚਾਕੂ ਬੰਨ੍ਹਿਆ ਉਹਨਾਂ ਨਾਲ ਸੰਘਰਸ਼ ਲਈ ਤਿਆਰ ਹੋ ਗਿਆ। ਉਹ ਉਹਨਾਂ ਤਮਾਮ ਸ਼ਾਰਕਾਂ ਨੂੰ ਖ਼ਤਮ ਕਰਨ ਵਿੱਚ ਕਾਮਯਾਬ ਤਾਂ ਹੋ ਗਿਆ ਲੇਕਿਨ ਉਸ ਵਕਤ ਤੱਕ ਉਹ ਮਛਲੀ ਦਾ ਇੱਕ ਤਿਹਾਈ ਹਿੱਸਾ ਖਾ ਚੁੱਕੀਆਂ ਸਨ। ਬੁੱਢਾ ਗ਼ਮਗ਼ੀਨ ਸੀ; ਉਸ ਦੀ ਮਿਹਨਤ ਜ਼ਾਇਆ ਜਾ ਰਹੀ ਸੀ। ਰਾਤ ਨੂੰ ਸ਼ਾਰਕਾਂ ਇੱਕ ਬੜੀ ਤਾਦਾਦ ਨੇ ਬੱਚੀ ਖੁਚੀ ਮਛਲੀ ਤੇ ਹਮਲਾ ਕਰ ਦਿੱਤਾ। ਉਹਨਾਂ ਦਾ ਮੁਕਾਬਲਾ ਕਰਨਾ ਤਾਂ ਸੈਂਟੀਆਗੋ ਲਈ ਕਿਸੇ ਤਰ੍ਹਾਂ ਵੀ ਮੁਮਕਿਨ ਨਹੀਂ ਸੀ। ਇਹ ਉਹ ਵਕਤ ਸੀ ਕਿ ਬੁੱਢੇ ਨੂੰ ਸ਼ਿਕਸਤ ਦਾ ਅਹਿਸਾਸ ਹੋਇਆ ਅਤੇ ਉਹ ਕਿਸ਼ਤੀ ਚਲਾਣ ਲੱਗਾ। ਰਾਤ ਦੇ ਆਖ਼ਰੀ ਹਿੱਸੇ ਵਿੱਚ ਸ਼ਾਰਕਾਂ ਨੇ ਮਛਲੀ ਦੇ ਜਿਸਮ ਤੇ ਤਕੜਾ ਹਮਲਾ ਬੋਲ ਦਿੱਤਾ ਅਤੇ ਉਸ ਦੇ ਜਿਸਮ ਦਾ ਸਾਰਾ ਗੋਸ਼ਤ ਨੋਚ ਕੇ ਲੈ ਗਈਆਂ। ਅਗਲੇ ਦਿਨ ਪਹੁ ਫੁੱਟਣ ਤੋਂ ਪਹਿਲਾਂ ਉਹ ਤੱਟ ਤੇ ਪਹੁੰਚਿਆ। ਥੱਕਿਆ ਹਾਰਿਆ ਬੁੱਢਾ ਝੌਂਪੜੀ ਵਿੱਚ ਜਾ ਕੇ ਸੌਂ ਗਿਆ। ਇਕੱਤਰ ਹੋਏ ਦੂਸਰੇ ਮਾਹੀਗੀਰ ਹੈਰਤ ਨਾਲ ਬੁੱਢੇ ਦੀ ਕਿਸ਼ਤੀ ਅਤੇ ਮਛਲੀ ਦੇ ਅਜ਼ੀਮ ਪਿੰਜਰ ਨੂੰ ਦੇਖ ਰਹੇ ਸਨ।

ਪੰਜਾਬੀ ਅਨੁਵਾਦ

  • ਬੁੱਢਾ ਤੇ ਸਮੁੰਦਰ (ਅਨੁ.- ਪਵਨ ਗੁਲਾਟੀ)
  • ਬੁੱਢਾ ਆਦਮੀ ਤੇ ਸਮੁੰਦਰ (ਅਨੁ.- ਅਛਰੂ ਸਿੰਘ)
  • ਬੁੱਢਾ ਤੇ ਸਮੁੰਦਰ (ਅਨੁ.- ਬਲਦੇਵ ਸਿੰਘ ਬੱਦਨ)[2]

ਹਵਾਲੇ

ਫਰਮਾ:ਹਵਾਲੇ