Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਪੰਜਾਬੀ ਨਾਟਕ ਦਾ ਚੌਥਾ ਦੌਰ

ਭਾਰਤਪੀਡੀਆ ਤੋਂ

{{#ifeq:|left|}}

1975 ਤੋਂ 1990 ਤੱਕ ਇਸ ਦੌਰ ਵਿੱਚ ਪੰਜਾਬੀ ਨਾਟਕਕਾਰਾਂ ਦੀਆਂ ਤਿੰਨੇ ਪੀੜ੍ਹੀਆਂ ਮਿਲ ਕੇ ਪੰਜਾਬੀ ਨਾਟਕ ਦਾ ਵਿਕਾਸ ਕਰਦੀਆਂ ਹਨ। ਇਸ ਦੌਰ ਦੀਆਂ ਸਥਿਤੀਆਂ ਅਧੀਨ ਐਮਰਜੈਂਸੀ, ਪੰਜਾਬ ਸੰਕਟ, ਰਾਜਸੀ ਭ੍ਰਿਸ਼ਟਾਚਾਰ, ਪੰਜਾਬ ਅਤੇ ਭਾਰਤ ਵਿਚਲੀਆਂ ਰਾਜਸੀ ਤਬਦੀਲੀਆਂ, ਪੰਜਾਬ ਵਿਚਲੀ ਰੰਗਮੰਚੀ ਲਹਿਰ ਕਾਰਨ ਨਾਟਕ ਦੀ ਜਨਜੀਵਨ ਤੱਕ ਪਹੁੰਚ ਆਦਿ ਕਾਰਨਾਂ ਕਰਕੇ ਪੰਜਾਬੀ ਨਾਟਕ ਇੱਕ ਨਵੀਂ ਟੋਨ ਪਕੜਦਾ ਹੈ ਅਤੇ ਆਪਣੀਆਂ ਸਰਗਰਮੀਆਂ ਜਾਰੀ ਰੱਖਦਾ ਹੋਇਆ ਮੌਲਿਕਤਾ ਅਤੇ ਵਿਸਥਾਰ ਵੀ ਗ੍ਰਹਿਣ ਕਰਦਾ ਹੈ। ਇਸ ਦੌਰ ਵਿੱਚ ਪੰਜਾਬੀ ਨਾਟਕ ਆਤਮਜੀਤ-ਅਜਮੇਰ ਔਲਖ-ਚਰਨਦਾਸ ਸਿੱਧੂ-ਗੁਰਸ਼ਰਨ ਸਿੰਘ ਦੀ ਚੌਕੜੀ ਦੀਆਂ ਸਿਰਜਣਾਤਮਿਕ ਅਤੇ ਰੰਗਮੰਚੀ ਸਰਗਰਮੀਆਂ ਨਾਲ ਪ੍ਰਵਾਨ ਚੜ੍ਹਦਾ ਹੈ। ਆਤਮਜੀਤ ਨੇ ਆਪਣੇ ਨਾਟਕਾਂ ਹਵਾ ਮਹਿਲ' (1980) 'ਚਾਬੀਆਂ ਅਤੇ ਹੋਰ ਇਕਾਂਗੀ' (1976), 'ਰਿਸ਼ਤਿਆਂ ਦਾ ਕੀ ਰੱਖੀਏ ਨਾਂ' ਆਦਿ ਵਿੱਚ ਸ਼ਹਿਰੀ ਮੱਧ ਸ਼੍ਰੇਣੀ ਦੇ ਮਸਲਿਆਂ ਅਤੇ ਰਾਜਸੀ ਮਸਲਿਆਂ ਦੀ ਗੱਲ ਕੀਤੀ। ਉਹ ਲੋਕ ਨਾਟ ਅਤੇ ਆਧੁਨਿਕ ਰੰਗਮੰਚੀ ਵਿਧੀਆਂ ਨੂੰ ਬੜੇ ਸੁਚੱਜੇ ਢੰਗ ਨਾਲ ਵਰਤਦਾ ਹੈ। ਉਹ ਆਪ ਨਾਟਕ ਸਟੇਜ ਕਰਦਾ ਹੈ, ਉਸਨੇ 'ਕਲਾ ਮੰਚ' ਅੰਮ੍ਰਿਤਸਰ ਦੀ ਸਥਾਪਨਾ ਇਸੇ ਮੰਤਵ ਲਈ ਕੀਤੀ। ਅਜਮੇਰ ਔਲਖ ਮਾਲਵਾ ਖੇਤਰ ਵਿੱਚ ਪੰਜਾਬੀ ਰੰਗਮੰਚ ਨੂੰ ਸੁਰਜੀਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਹ ਯੂਨੀਵਰਸਿਟੀਆਂ ਦੇ ਨਾਟ-ਮੇਲਿਆਂ ਦੀਆਂ ਰੰਗਮੰਚੀ ਗਤੀਵਿਧੀਆਂ ਵਿੱਚੋਂ ਜਨਮਿਆ ਨਾਟਕਕਾਰ ਹੈ। ਉਹ ਮਾਲਵੇ ਦੀ ਨਿਮਨ ਕਿਰਸਾਨੀ ਨੂੰ ਬੜੀ ਸ਼ਿੱਦਤ ਨਾਲ ਪੇਸ਼ ਕਰਦਾ ਹੈ। ਉਸਨੇ 'ਇਸ਼ਕ ਜਿੰਨ੍ਹਾਂ ਦੇ ਹੱਡੀਂ ਰਚਿਆ' (1977), 'ਅਰਬਦ ਨਰਬਦ ਧੁੰਧੂਕਾਰਾ' (1978), ਬਗਾਨੇ ਬੋਹੜ ਦੀ ਛਾਂ' (1981), 'ਅੰਨ੍ਹੇ ਨਿਸ਼ਾਨਚੀ' (1983), 'ਸੱਤ ਬੇਗਾਨੇ', (1983), 'ਗਾਨੀ' (1990) ਆਦਿ ਨਾਟਕਾਂ ਦੀ ਸਿਰਜਣਾ ਕਿਸਾਨੀ ਦੇ ਵਿਸ਼ਿਆਂ ਨੂੰ ਲੈ ਕੇ ਹੀ ਕੀਤੀ। ਚਰਨਦਾਸ ਸਿੱਧੂ 'ਕਾਲਜੀਏਟ ਡਰਾਮਾ ਸੁਸਾਇਟੀ' ਰਾਹੀਂ ਦਿੱਲੀ ਨੂੰ ਆਪਣੀਆਂ ਨਾਟ-ਸਰਗਰਮੀਆਂ ਦਾ ਕੇਂਦਰ ਬਣਾਉਂਦਾ ਹੈ।ਉਹ ਆਪਣੇ ਨਾਟਕਾਂ 'ਭਜਨੋ', 'ਇੰਦੂਮਤਿ ਸਤਿਦੇਵ' (1984), 'ਬਾਬਾ ਬੰਤੂ' (1984) 'ਕੱਲ੍ਹ ਕਾਲਜ ਬੰਦ ਰਵ੍ਹੇਗਾ' (1984) ਮਸਤ ਮੇਘੋਵਾਲੀਆ (1986) ਆਦਿ ਰਾਹੀਂ ਪੇਂਡੂ ਯਥਾਰਥ, ਮਹਾਂਨਗਰਾਂ ਦੇ ਦੋਗਲੇ ਅਤੇ ਦੰਭ ਭਰਪੂਰ ਜੀਵਨ ਅਤੇ ਆਰਥਿਕ ਤੌਰ 'ਤੇ ਨਪੀੜੇ ਵਰਗਾਂ ਦੀ ਗੱਲ ਕਰਦਾ ਹੋਇਆ ਪੰਜਾਬੀ ਨਾਟ-ਸਿਰਜਣਾ ਅਤੇ ਰੰਗਮੰਚੀ ਸਰਗਰਮੀ ਵਿੱਚ ਆਪਣੀ ਭਰਪੂਰ ਹਾਜ਼ਰੀ ਲਵਾਉਂਦਾ ਹੈ। ਗੁਰਸ਼ਰਨ ਸਿੰਘ ਪੰਜਾਬੀ ਦਾ ਪ੍ਰਤੀਬੱਧ ਰੰਗਕਰਮੀ ਅਤੇ ਨਾਟਕਕਾਰ ਹੈ। ਜੇਕਰ ਨੰਦਾ ਪੰਜਾਬੀ ਨਾਟਕ ਨੂੰ ਅਤੇ ਨੋਰ੍ਹਾ ਪੰਜਾਬੀ ਰੰਗਮੰਚ ਨੂੰ ਜਨਮ ਦਿੰਦੇ ਹਨ ਤਾਂ ਗੁਰਸ਼ਰਨ ਸਿੰਘ ਪੰਜਾਬੀ ਨਾਟਕ ਤੇ ਰੰਗਮੰਚ ਨੂੰ ਪੰਜਾਬ ਦੇ ਪਿੰਡ-ਪਿੰਡ ਤੇ ਘਰ ਘਰ ਤੱਕ ਪਹੁੰਚਾਉਂਦਾ ਹੈ। ਉਹ ਨਾਟਕ ਦੀਆਂ ਨਵੀਆਂ ਵੰਨਗੀਆਂ ਲਘੂ ਨਾਟਕ ਅਤੇ ਨੁੱਕੜ ਨਾਟਕਾਂ ਦੀ ਸਿਰਜਣਾ ਕਰਦਾ ਹੈ। 'ਧਮਕ ਨਗਾਰੇ ਦੀ' (1981), 'ਸੀਸ ਤਲੀ 'ਤੇ' (1981) 'ਭੰਡ ਕਨੇਡਾ ਆਏ', 'ਬਾਬਾ ਬੋਲਦਾ ਹੈ', 'ਚੰਡੀਗੜ੍ਹ ਪੁਆੜੇ ਦੀ ਜੜ੍ਹ', ਨਾਇਕ ਆਦਿ ਉਸਦੇ ਮਹੱਤਵਪੂਰਨ ਨਾਟਕ ਹਨ। ਇਸ ਤਰ੍ਹਾਂ ਇਸ ਦੌਰ ਵਿੱਚ ਪੰਜਾਬੀ ਨਾਟਕ ਸਮਾਜਿਕ ਸਮੱਸਿਆਵਾਂ ਅਤੇ ਮਨੋਵਿਗਿਆਨਿਕ ਵਿਸ਼ਲੇਸ਼ਣ ਤੋਂ ਅੱਗੇ ਤੁਰ ਕੇ ਰਾਜਸੀ ਚੇਤਨਾ ਦੀ ਯਾਤਰਾ ਕਰਦਾ ਹੈ ਅਤੇ ਇਕਾਂਗੀ ਤੇ ਪੂਰੇ ਨਾਟਕ ਦੀ ਲਕੀਰੀ ਵੰਡ ਤੋਂ ਅੱਗੇ ਤੁਰਕੇ ਰੇਡੀਓ ਨਾਟਕ, ਕਾਵਿ ਨਾਟਕ, ਲਘੂ ਨਾਟਕ, ਟੀ. ਵੀ. ਨਾਟਕ, ਨੁੱਕੜ ਨਾਟਕ, ਬਾਲ ਨਾਟਕ, ਇੱਕ ਪਾਤਰੀ ਨਾਟਕ ਆਦਿ ਅਨੇਕਾਂ ਕਿਸਮਾਂ ਦਾ ਵਿਕਾਸ ਕਰਦਾ ਹੈ। ਨਾਟ-ਪ੍ਰਾਪਤੀਆਂ ਦੀ ਦ੍ਰਿਸ਼ਟੀ ਤੋਂ ਇਹ ਦੌਰ ਪੰਜਾਬੀ ਨਾਟਕ ਦਾ 'ਪੂਰਵ ਸਿਖਰ' ਕਹਿਣ ਯੋਗ ਜਾਪਦਾ ਹੈ।