ਸਿੰਘਪੁਰੀਆ ਮਿਸਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾ ਫਰਮਾ:ਅੰਦਾਜ਼

ਸਿੰਘਪੁਰੀਆ ਜਾਂ ਫ਼ੈਜ਼ਲਪੁਰੀਆ ਮਿਸਲ ਬਹੁਤ ਮਹੱਤਵਪੂਰਨ ਮਿਸਲ ਸੀ। ਇਸ ਮਿਸਲ ਦੇ ਸੰਸਥਾਪਕ ਸ੍ਰ: ਕਪੂਰ ਸਿੰਘ ਵਿਰਕ ਦਾ ਜਨਮ 1697 ਵਿੱਚ ਪਾਕਿਸਤਾਨੀ ਪੰਜਾਬ ਵਿੱਚ ਪੈਂਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਪਿੰਡ ਕਾਲੋ ਕੇ ਵਿਖੇ ਹੋਇਆ। ਬਾਅਦ ਵਿੱਚ ਜਦੋਂ ਸਰਦਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਫ਼ੈਜ਼ਲਪੁਰ ਨੂੰ ਜਿੱਤ ਲਿਆ ਤਾਂ ਉਸ ਨੂੰ ਕਪੂਰ ਸਿੰਘ ਫ਼ੈਜ਼ਲਪੁਰੀਆ ਕਿਹਾ ਜਾਣ ਲੱਗਾ ਪਰ ਉਸ ਨੇ ਇਸ ਪਿੰਡ ਦਾ ਨਾਂ ਬਦਲ ਕੇ ਸਿੰਘਪੁਰ ਰੱਖ ਦਿੱਤਾ ਅਤੇ ਉਸ ਦੀ ਮਿਸਲ ਦਾ ਨਾਂ ਵੀ ਸਿੰਘਪੁਰੀਆ ਮਿਸਲ ਪੈ ਗਿਆ। ਕਪੂਰ ਸਿੰਘ ਨੇ ਸਿੱਖ ਇਤਿਹਾਸ ਦੀਆਂ ਬੜੀਆਂ ਅਹਿਮ ਘਟਨਾਵਾਂ ਨੂੰ ਆਪਣੀ ਅੱਖੀਂ ਦੇਖਿਆ। ਉਹ ਅਜੇ 11 ਵਰ੍ਹਿਆਂ ਦਾ ਸੀ ਜਦੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੋਤੀ ਜੋਤ ਸਮਾਏ। ਉਹ 19 ਵਰ੍ਹਿਆਂ ਦਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵਿੱਚ 700 ਸਿੰਘਾਂ ਨਾਲ ਸ਼ਹੀਦ ਕੀਤਾ ਗਿਆ। 1721 ਵਿੱਚ ਕਪੂਰ ਸਿੰਘ ਨੇ ਵਿਸਾਖੀ ਦੇ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਪਾਨ ਕੀਤਾ ਅਤੇ ਖਾਲਸਾ ਸਜੇ।ਇਸ ਤੋਂ ਪਹਿਲਾਂ ਕਪੂਰ ਸਿੰਘ ਦਿੱਲੀ ਵਿੱਚ ਮਾਤਾ ਸੁੰਦਰੀ ਜੀ ਕੋਲ ਹੀ ਰਹਿੰਦੇ ਸਨ। ਉਨ੍ਹਾਂ ਨੇ ਹੀ ਭਾਈ ਮਨੀ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਮੁੱਖ ਗਰੰਥੀ ਵਜੋਂ ਭੇਜਿਆ ਸੀ ਤੇ ਉਸ ਸਮਾਗਮ ਦੀ ਵਿਸਾਖੀ ਦੀ ਕਾਰਵਾਈ ਵੀ ਭਾਈ ਮਨੀ ਸਿੰਘ ਨੇ ਨਿਭਾਈ ਸੀ ਜਿਸ ਵਿੱਚ ਸ੍ਰ: ਕਪੂਰ ਸਿੰਘ ਨੇ ਅੰਮ੍ਰਿਤ ਪਾਨ ਕੀਤਾ ਸੀ।

1733 ਵਿੱਚ ਮਜਬੂਰ ਹੋ ਕੇ ਜ਼ਕਰੀਆ ਖ਼ਾਨ ਨੇ ਸਿੱਖਾਂ 'ਤੇ ਲਾਈਆਂ ਹੋਈਆਂ ਪਾਬੰਦੀਆਂ ਨੂੰ ਨਰਮ ਕਰ ਦਿੱਤਾ ਅਤੇ ਕਿਹਾ ਕਿ ਸਿੱਖਾਂ ਦੇ ਆਗੂ ਨੂੰ ਨਵਾਬ ਦਾ ਖ਼ਿਤਾਬ ਅਤੇ ਦਿਪਾਲਪੁਰ, ਕੰਗਨਵਾਲ ਤੇ ਝੱਬਾਲ ਦੇ ਪਰਗਨੇ ਜਾਗੀਰ ਵਜੋਂ ਦਿੱਤੇ ਜਾਣਗੇ। ਆਪਸੀ ਸੋਚ-ਵਿਚਾਰ ਉਪਰੰਤ ਸਿੱਖਾਂ ਨੇ ਜ਼ਕਰੀਆ ਖ਼ਾਨ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ। ਸਭ ਨਜ਼ਰਾਂ ਕਪੂਰ ਸਿੰਘ ਵੱਲ ਹੀ ਸੰਕੇਤ ਕਰ ਰਹੀਆਂ ਸਨ। ਸ੍ਰ: ਕਪੂਰ ਸਿੰਘ ਨੂੰ ਖਾਲਸਾ ਨੇ ਨਵਾਬ ਦੀ ਉਪਾਧੀ ਲਈ ਚੁਣ ਲਿਆ ਅਤੇ ਜ਼ਕਰੀਆਂ ਖ਼ਾਨ ਵੱਲੋਂ ਭੇਜੀ ਖ਼ਿਲਅਤ ਜਿਸ ਵਿੱਚ ਇੱਕ ਸ਼ਾਲ, ਇੱਕ ਪੱਗੜੀ, ਇੱਕ ਹੀਰਿਆਂ ਜੜੀ ਕਲਗੀ, ਸੋਨੇ ਦੇ ਦੋ ਕੰਗਨ, ਇੱਕ ਨੈਕਲੇਸ, ਇੱਕ ਮੋਤੀਆਂ ਦੀ ਮਾਲਾ, ਕੀਨਖ਼ਾਬ ਦੇ ਵਸਤਰਾਂ ਦਾ ਇੱਕ ਜੋੜਾ ਅਤੇ ਇੱਕ ਸ਼ਮਸ਼ੀਰ ਸ਼ਾਮਲ ਸਨ, ਵੀ ਕਪੂਰ ਸਿੰਘ ਨੂੰ ਦਿੱਤੇ ਗਏ। ਸਰਦਾਰ ਨੇ ਸ਼ੁਰੂ ਵਿੱਚ ਇਸ ਨੂੰ ਕਬੂਲ ਕਰਨ ਵਿੱਚ ਆਨਾਕਾਨੀ ਕੀਤੀ ਪਰ ਉਸ ਨੂੰ ਪੰਥ ਦੇ ਫ਼ੈਸਲੇ ਅੱਗੇ ਝੁਕਣਾ ਪਿਆ। ਸਰਦਾਰ ਨੇ ਨਿਮਰਤਾ ਦਿਖਾਉਂਦੇ ਹੋਏ ਇਹ ਖ਼ਿਲਅਤ ਪੰਜ ਪਿਆਰਿਆਂ ਦੇ ਚਰਨਾਂ ਵਿੱਚ ਰੱਖ ਦਿੱਤੀ। ਪੰਜ ਪਿਆਰਿਆਂ ਨੇ ਸਿਰੋਪਾਓ ਦੇ ਰੂਪ ਵਿੱਚ ਇਹਨਾਂ ਵਸਤਾਂ ਦੀ ਬਖ਼ਸ਼ਿਸ਼ ਨਵਾਬ ਕਪੂਰ ਸਿੰਘ ਨੂੰ ਕਰ ਦਿੱਤੀ। ਸਰਦਾਰ ਨੇ ਇਸ ਸ਼ਰਤ 'ਤੇ ਇਸ ਖ਼ਿਲਅਤ ਨੂੰ ਪ੍ਰਵਾਨ ਕਰ ਲਿਆ ਕਿ ਉਸ ਦਾ ਤਬੇਲਿਆਂ ਵਿੱਚੋਂ ਘੋੜਿਆਂ ਦੀ ਲਿੱਦ ਨੂੰ ਸਾਫ਼ ਕਰਨ ਦਾ ਹੱਕ ਨਹੀਂ ਖੋਹਿਆ ਜਾਵੇਗਾ। ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਉਲਝਣ ਅਤੇ ਪ੍ਰੇਸ਼ਾਨੀ ਦੇ ਆਲਮ ਵਿੱਚੋਂ ਬਾਹਰ ਕੱਢਿਆ। ਉਸ ਨੇ ਦਲ ਖਾਲਸਾ ਦਾ ਸੰਗਠਨ ਕੀਤਾ ਅਤੇ ਬੁਢਾ ਦਲ ਅਤੇ ਤਰੁਨਾ ਦਲ ਬਣਾਏ। 40 ਸਾਲ ਦੀ ਉਮਰ ਤੱਕ ਦੇ ਸਿੱਖਾਂ ਨੂੰ ਤਰੁਨਾ ਦਲ ਵਿੱਚ ਰੱਖਿਆ ਗਿਆ ਅਤੇ 40 ਤੋਂ ਵੱਧ ਉਮਰ ਵਾਲਿਆਂ ਨੂੰ ਬੁੱਢਾ ਦਲ ਵਿੱਚ। ਬੁੱਢਾ ਦਲ ਨੂੰ ਪਵਿੱਤਰ ਧਾਰਮਿਕ ਸਥਾਨਾਂ ਦੀ ਦੇਖਭਾਲ, ਗੁਰੂਆਂ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਨ ਅਤੇ ਅੰਮ੍ਰਿਤ ਪਾਨ ਕਰਵਾਉਣ ਦਾ ਕੰਮ ਸੌਂਪਿਆ ਗਿਆ। ਤਰੁਨਾ ਦਲ ਨੂੰ ਸੰਕਟ ਕਾਲ ਵਿੱਚ ਦੁਸ਼ਮਨ ਨਾਲ ਲੋਹਾ ਲੈਣ ਦਾ ਕੰਮ ਦਿੱਤਾ ਗਿਆ। ਦੋਹਾਂ ਦਲਾਂ ਵਿਚਕਾਰ ਨਵਾਬ ਕਪੂਰ ਸਿੰਘ ਇੱਕ ਕੜੀ ਦਾ ਕੰਮ ਕਰਦਾ ਸੀ। ਸਾਰੇ ਸਰਦਾਰ ਦੇ ਹੁਕਮ ਨੂੰ ਮੰਨਦੇ ਸਨ। ਬਹੁਤ ਜਲਦੀ ਹੀ ਤਰੁਨਾ ਦਲ ਦੇ ਯੋਧਿਆਂ ਦੀ ਗਿਣਤੀ 15,000 ਤੱਕ ਪਹੁੰਚ ਗਈ। ਨਵਾਬ ਕਪੂਰ ਸਿੰਘ ਨੇ ਇਨ੍ਹਾਂ ਯੋਧਿਆਂ ਦੇ ਪੰਜ ਗਰੁੱਪ ਬਣਾ ਦਿੱਤੇ ਜਿਨ੍ਹਾਂ ਨੂੰ ਜਥੇ ਕਿਹਾ ਗਿਆ। ਹਰ ਜਥੇ ਦੀ ਕਮਾਨ ਇੱਕ ਜਥੇਦਾਰ ਨੂੰ ਦਿੱਤੀ ਗਈ। ਪਹਿਲੇ ਜਥੇ ਦੀ ਕਮਾਨ ਬਾਬਾ ਦੀਪ ਸਿੰਘ ਸ਼ਹੀਦ, ਭਾਈ ਨੱਥਾ ਸਿੰਘ ਅਤੇ ਗੁਰਬਖ਼ਸ਼ ਸਿੰਘ ਨੂੰ ਦਿੱਤੀ ਗਈ। ਦੂਸਰੇ ਜਥੇ ਦੀ ਕਮਾਂਡ ਭਾਈ ਪ੍ਰੇਮ ਸਿੰਘ ਤੇ ਧਰਮ ਸਿੰਘ ਨੂੰ ਦਿੱਤੀ ਗਈ। ਤੀਸਰੇ ਜਥੇ ਦੀ ਕਮਾਨ ਭਾਈ ਕਾਹਨ ਸਿੰਘ, ਹਰੀ ਸਿੰਘ ਅਤੇ ਬਾਘ ਸਿੰਘ ਨੂੰ ਦਿੱਤੀ ਗਈ। ਚੌਥੇ ਜਥੇ ਦੀ ਕਮਾਨ ਭਾਈ ਦਸੌਂਧਾ ਸਿੰਘ, ਭਾਈ ਕਰਮ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਨੂੰ ਦਿੱਤੀ ਗਈ। ਪੰਜਵੇਂ ਜਥੇ ਦੀ ਕਮਾਨ ਭਾਈ ਬੀਰ ਸਿੰਘ, ਭਾਈ ਮਦਨ ਸਿੰਘ ਅਤੇ ਭਾ: ਜੀਵਨ ਸਿੰਘ ਨੂੰ ਦਿੱਤੀ ਗਈ। ਹਰ ਇੱਕ ਜਥੇ ਦਾ ਆਪਣਾ ਵੱਖਰਾ ਬੈਨਰ ਅਤੇ ਧੌਂਸਾ (ਨਗਾਰਾ) ਸੀ। ਹਰ ਜਥੇ ਵੱਲੋਂ ਜਿੱਤੇ ਇਲਾਕਿਆਂ ਦਾ ਵੇਰਵਾ ਸ੍ਰੀ ਅਕਾਲ ਤਖ਼ਤ ਵਿਖੇ ਰੱਖਿਆ ਜਾਂਦਾ ਸੀ। ਇਸ ਤੋਂ ਬਾਅਦ 7 ਜਥੇ ਹੋਰ ਬਣਾਏ ਗਏ। ਜਦੋਂ 1748 ਵਿੱਚ ਨਵਾਬ ਕਪੂਰ ਸਿੰਘ ਨੇ ਜਦੋਂ ਖਾਲਸਾ ਪੰਥ ਦੀ ਲੀਡਰਸ਼ਿੱਪ ਛੱਡੀ, ਉਸ ਸਮੇਂ ਤੱਕ ਪੰਜਾਂ ਦਰਿਆਵਾਂ ਦੀ ਧਰਤੀ 'ਤੇ 12 ਜਥੇ ਜਾਂ 12 ਮਿਸਲਾਂ ਰਾਜ ਕਰ ਰਹੀਆਂ ਸਨ।

ਨਵਾਬ ਕਪੂਰ ਸਿੰਘ ਦੀ 1755 ਵਿੱਚ ਮੌਤ ਹੋ ਗਈ। ਉਸ ਦੇ ਘਰ ਕੋਈ ਔਲਾਦ ਨਹੀਂ ਸੀ। ਉਸ ਦਾ ਭਤੀਜਾ ਖ਼ੁਸ਼ਹਾਲ ਸਿੰਘ ਸਿੰਘਪੁਰੀਆ ਮਿਸਲ ਦਾ ਸਰਦਾਰ ਬਣਿਆਂ। ਖ਼ੁਸ਼ਹਾਲ ਸਿੰਘ ਨੇ 1759 ਵਿੱਚ ਉਥੋਂ ਦੇ ਹਾਕਮ ਸ਼ੇਖ ਨਿਜ਼ਾਮੂਦੀਨ ਨੂੰ ਹਰਾ ਕੇ ਜਲੰਧਰ ਫ਼ਤਿਹ ਕਰ ਲਿਆ ਅਤੇ ਇਸ ਨੂੰ ਆਪਣੀ ਮਿਸਲ ਦੀ ਰਾਜਧਾਨੀ ਬਣਾਇਆ। ਇਸ ਉਪਰੰਤ ਉਸ ਨੇ ਹੈਬਤਪੁਰ ਅਤੇ ਪੱਟੀ ਦੇ ਪਰਗਨੇ ਕਸੂਰ ਦੇ ਪਠਾਨ ਸਰਦਾਰ ਕੋਲੋਂ ਖੋਹ ਲਏ। ਸਿੱਖਾਂ ਨੇ 1764 ਵਿੱਚ ਸਰਹਿੰਦ ਨੂੰ ਫ਼ਤਿਹ ਕਰ ਲਿਆ। ਖ਼ੁਸ਼ਹਾਲ ਸਿੰਘ ਦੇ ਹਿੱਸੇ ਭਰਤਗੜ੍ਹ, ਮਛੌਲੀ, ਘਨੌਲੀ, ਮਨੌਲੀ ਅਤੇ ਕਈ ਹੋਰ ਪਿੰਡ ਆਏ। ਸਿੰਘਪੁਰੀਆ ਮਿਸਲ ਨੂੰ ਬਾਰੀ ਦੋਆਬ ਵਿੱਚੋਂ ਸਾਲਾਨਾ ਦੋ ਲੱਖ ਰੁਪਏ, ਜਲੰਧਰ ਦੋਆਬ ਤੋਂ ਇੱਕ ਲੱਖ ਰੁਪਏ ਅਤੇ ਸਰਹਿੰਦ ਸੂਬੇ ਤੋਂ 50,000 ਰੁਪਏ ਸਾਲਾਨਾ ਆਮਦਨ ਸੀ। ਖ਼ੁਸ਼ਹਾਲ ਸਿੰਘ ਦੀ 1795 ਵਿੱਚ ਮੌਤ ਹੋ ਗਈ ਅਤੇ ਉਸ ਦਾ ਸਪੁੱਤਰ ਬੁੱਧ ਸਿੰਘ ਮਿਸਲ ਦਾ ਸਰਦਾਰ ਬਣਿਆਂ। ਪਰ ਹੋਰ ਸਿੱਖ ਸਰਦਾਰਾਂ ਵਾਂਗ ਉਸ ਦੇ ਬਾਰੀ ਦੋਆਬ ਅਤੇ ਜਲੰਧਰ ਦੋਆਬ ਵਿੱਚਲੇ ਇਲਾਕਿਆਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਲਿਆ। ਮਹਾਰਾਜੇ ਨੇ ਸਤਲੁੱਜ ਪਾਰ ਦੇ ਇਲਾਕੇ ਜਾਗੀਰ ਵਜੋਂ ਬੁੱਧ ਸਿੰਘ ਕੋਲ ਹੀ ਰਹਿਣ ਦਿੱਤੇ। ਉਸ ਸਮੇਂ ਮਹਾਰਾਜਾ ਚੜ੍ਹਦਾ ਸੂਰਜ ਸੀ। ਬੁੱਧ ਸਿੰਘ 1816 ਤੱਕ ਜਿਊਂਦਾ ਰਿਹਾ। ਉਸ ਦੇ ਸੱਤ ਪੁੱਤਰ ਸਨ। ਸਤਲੁੱਜ ਪਾਰ ਦੇ ਇਲਾਕਿਆਂ ਨੂੰ ਉਸ ਦੇ ਸੱਤ ਪੁੱਤਰਾਂ ਵਿੱਚ ਵੰਡ ਦਿੱਤਾ ਗਿਆ। ਬਾਅਦ ਵਿੱਚ ਅੰਗਰੇਜ਼ਾਂ ਨੇ ਇਸ ਨੂੰ ਬਰਤਾਨਵੀਂ ਹਕੂਮਤ ਵਿੱਚ ਸ਼ਾਮਲ ਕਰ ਲਿਆ।

ਮਨੌਲੀ ਦਾ ਕਿਲ੍ਹਾ ਜੋ ਕਿ ਮੋਹਾਲੀ ਤੋਂ ਸਿਰਫ਼ 7 ਕਿਲੋਮੀਟਰ ਦੇ ਫ਼ਾਸਲੇ 'ਤੇ ਹੈ, ਨੂੰ ਨਵਾਬ ਕਪੂਰ ਸਿੰਘ ਨੇ ਮੁਗ਼ਲਾਂ ਤੋਂ ਫ਼ਤਿਹ ਕੀਤਾ ਸੀ। ਪੰਜਾਬ ਦੀਆਂ ਸਰਕਾਰਾਂ ਦੇ ਅਵੇਸਲੇਪਨ ਕਾਰਨ ਅੱਜ ਕਲ੍ਹ ਇਹ ਬੜੀ ਖ਼ਸਤਾ ਹਾਲਤ ਵਿੱਚ ਹੈ। ਜੇ ਪੰਜਾਬ ਦੀ ਕੋਈ ਸਰਕਾਰ ਵੀ ਇਸ ਦੀ ਸਾਂਭ-ਸੰਭਾਲ ਵੱਲ ਧਿਆਨ ਦਿੰਦੀ ਤਾਂ ਅੱਜ ਇਹ ਇੱਕ ਮਹਾਨ ਸਿੱਖ ਜਰਨੈਲ ਨਵਾਬ ਕਪੂਰ ਸਿੰਘ ਦੀ ਮਹਾਨ ਯਾਦਗਾਰ ਵੀ ਹੁੰਦਾ ਤੇ ਲੋਕਾਂ ਲਈ ਇੱਕ ਟੂਰਿਸਟ ਸਥਾਨ ਵੀ।