ਤੂੰਬੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox instrument

ਤੂੰਬੀ (ਸ਼ਾਹਮੁਖੀ: تونبی) ਪੰਜਾਬ ਦਾ ਇੱਕ ਸਾਜ਼[1] ਹੈ। ਇਸ ਦੇ ਇੱਕ ਪਾਸੇ ਕੋੜੇ ਕੱਦੂ ਨੂੰ ਕੱਟ ਕੇ ਲਾਇਆ ਜਾਂਦਾ ਹੈ। ਬਹੁਤੇ ਲੋਕ ਕੱਦੂ ਦੀ ਥਾਂ ਬਿੱਲ ਦੀ ਵਰਤੋਂ ਕਰ ਲੈਂਦੇ ਹਨ। ਬਿੱਲ ਅਤੇ ਕੱਦੂ ਦੀ ਵਰਤੋਂ ਨਾਲ ਆਵਾਜ਼ ਵਿੱਚ ਜ਼ਮੀਨ-ਆਸਮਾਨ ਦਾ ਫਰਕ ਪੈ ਜਾਂਦਾ ਹੈ ਜਿਸ ਦਾ ਪਤਾ ਇਸ ਦਾ ਮਾਹਿਰ ਹੀ ਲਗਾ ਸਕਦਾ ਹੈ। ਕੱਦੂ ਨਾਲ ਬਣੀ ਤੂੰਬੀ ਦੀ ਆਵਾਜ਼ ‘ਪਤਲੀ’ (ਬਰੀਕ) ਹੁੰਦੀ ਹੈ ਜਦਕਿ ਬਿੱਲ ਨਾਲ ਬਣੀ ਤੂੰਬੀ ਦੀ ਆਵਾਜ਼ ‘ਮੋਟੀ’ ਨਿਕਲਦੀ ਹੈ। ਕੱਦੂ ਜਾਂ ਬਿੱਲ ਦੇ ਉੱਤੇ ਬੱਕਰੇ ਦੀ ਪਤਲੀ ਖੱਲ ਲਾਈ ਜਾਂਦੀ ਹੈ। ਤੂੰਬੀ ਲਈ ਵਰਤੇ ਜਾਂਦੇ ਡੰਡੇ ਦੀ ਲੰਬਾਈ ਵੱਖ-ਵੱਖ ਹੋ ਸਕਦੀ ਹੈ ਪਰ ਉਹ ਇਸ ਨੂੰ ਅੰਦਾਜ਼ੇ ਨਾਲ 2 ਗਿੱਠ, 4 ਉਂਗਲ (ਕਰੀਬ 21 ਇੰਚ) ਹੁੰਦੀ ਹੈ। ਕੱਦੂ ਉੱਤੇ ਲਾਈ ਗਈ ਖੱਲ ਉੱਪਰ ਠਿਕਰੀ (ਲੱਕੜੀ ਦੀ ਬਣੀ ਹੋਈ) ਜਿਸ ਨੂੰ ਘੋੜੀ ਵੀ ਕਿਹਾ ਜਾਂਦਾ ਹੈ, ਟਿਕਾਈ ਜਾਂਦੀ ਹੈ। ਤੂੰਬੀ ਦੀ ਆਵਾਜ਼ ਨੂੰ ਠੀਕ ਕਰਨ ਲਈ ਘੋੜੀ ਨੂੰ ਤੂੰਬੇ ’ਤੇ ਫਿੱਟ ਕਰ ਕੇ 2-3 ਘੰਟੇ ਇਸ ’ਤੇ ਪਾਣੀ ਪਾ-ਪਾ ਕੇ ਥਾਂ ਬਣਾਈ ਜਾਂਦੀ ਹੈ। ਇਸ ਤੋਂ ਬਾਅਦ ਡੰਡੇ ਦੇ ਇੱਕ ਪਾਸੇ ਲੱਕੜ ਦੀ ‘ਕਿੱਲੀ’ ਲਾਈ ਜਾਂਦੀ ਹੈ ਜਿਸ ਨਾਲ ਤੂੰਬੀ ’ਤੇ ਲਾਈ ਜਾਣ ਵਾਲੀ ਤਾਰ ਦੇ ਤਿੰਨ ਵਲ ਦਿੱਤੇ ਜਾਂਦੇ ਹਨ। ਤੂੰਬੀ ਲਈ ਆਮ ਤੌਰ ’ਤੇ 0 ਨੰਬਰ ਅਤੇ 36 ਨੰਬਰ ਦੀ ਲੋਹੇ ਦੀ ਤਾਰ ਵਰਤੀ ਜਾਂਦੀ ਹੈ। ਇਹ ਸਭ ਕੁਝ ਕਰ ਲੈਣ ਤੋਂ ਬਾਅਦ ਸੱਤ ਸੁਰਾਂ ਕੱਢਣ ਵਾਲੀ ਇੱਕ ਤਾਰ ਵਾਲੀ ਤੂੰਬੀ ਬਣ ਕੇ ਤਿਆਰ ਹੋ ਜਾਂਦੀ ਹੈ।

ਵਿਸ਼ੇਸ਼ ਸਾਜ਼

ਤੂੰਬੀ ਦੀ ਇੱਕ ਤਾਰ ਵਿੱਚੋਂ ਸੱਤ ਸੁਰਾਂ ਨੂੰ ਕੱਢਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ। ਤੂੰਬੀ ਦੀ ਇੱਕ ਤਾਰ ਤੋਂ ਨਹੁੰ ਦੇ ਹੇਰ- ਫੇਰ ਨਾਲ ਹੀ ਸੱਤ ਸੁਰਾਂ ਕੱਢੀਆਂ ਜਾਂਦੀਆਂ ਹਨ। ਤੂੰਬੀ ਅਜਿਹਾ ਸਾਜ਼ ਹੈ ਜਿਸ ਦੀ ਆਵਾਜ਼ ਨੂੰ ਬਾਕੀ ਸਾਜ਼ਾਂ ਦੇ ਮੁਕਾਬਲੇ ਸੌਖਿਆਂ ਆਪਣੇ ਬੋਲ ਅਨੁਸਾਰ ਘੱਟ ਵੱਧ ਕੀਤਾ ਜਾ ਸਕਦਾ ਹੈ।

ਕਲਾਕਾਰ

ਇਸਨੂੰ ਪੰਜਾਬ ਦੇ ਮੰਨੇ-ਪ੍ਰਮੰਨੇ ਗਾਇਕ ਯਮਲਾ ਜੱਟ ਨੇ ਮਸ਼ਹੂਰ ਕੀਤਾ ਸੀ। ਪੰਜਾਬ ਦੇ ਜਿਆਦਾਤਰ ਗਾਇਕ, 1960,70 ਅਤੇ 80 ਵਿਆਂ ਵਿੱਚ, ਇਸ ਦੀ ਵਰਤੋਂ ਕਰਦੇ ਸਨ। ਇਸਦੀ ਵਰਤੋਂ ਕਰਨ ਵਾਲੇ ਹੋਰ ਕਲਾਕਾਰਾਂ ਵਿੱਚ ਮੁਹੰਮਦ ਸਦੀਕ, ਕੁਲਦੀਪ ਮਾਣਕ, ਦੀਦਾਰ ਸੰਧੂ, ਅਮਰ ਸਿੰਘ ਚਮਕੀਲਾ, ਮਨਮੋਹਨ ਵਾਰਿਸ, ਸਰਬਜੀਤ ਚੀਮਾ, ਸੁਖਸ਼ਿੰਦਰ ਸ਼ਿੰਦਾ ਅਤੇ ਸੁਖਵਿੰਦਰ ਪੰਛੀ ਆਦਿ ਸ਼ਾਮਲ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਸੰਗੀਤ ਯੰਤਰ