ਡਾ.ਗੁਰਮਿੰਦਰ ਸਿੱਧੂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਡਾ.ਗੁਰਮਿੰਦਰ ਸਿੱਧੂ ਆਪਣੇ ਪਤੀ ਬਲਦੇਵ ਸਿੰਘ ਖਹਿਰਾ ਨਾਲ ਸਾਰੰਗ ਲੋਕ ਮੋਹਾਲੀ -19 ਫ਼ਰਵਰੀ 2017
ਡਾ.ਗੁਰਮਿੰਦਰ ਸਿੱਧੂ ਅਤੇ ਸ਼ਾਇਰ ਹਰਵਿੰਦਰ ਸਿੰਘ

ਡਾ.ਗੁਰਮਿੰਦਰ ਸਿੱਧੂ ਪੰਜਾਬੀ ਭਾਸ਼ਾ ਦੀ ਇੱਕ ਨਾਮਵਰ ਕਵਿੱਤਰੀ ਹੈ।ਉਹ ਕਿੱਤੇ ਵਜੋਂ ਮੈਡੀਕਲ ਡਾਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਈ ਹੈ ਅਤੇ ਅਜਕਲ ਪੰਜਾਬ ਦੇ ਸ਼ਹਿਰ ਮੁਹਾਲੀ ਵਿਖੇ ਰਹਿ ਰਹੀ ਹੈ।ਉਹਨਾ ਦੀ ਪਹਿਚਾਣ ਕੰਨਿਆ ਭਰੂਣ ਹੱਤਿਆ ਵਿਰੁਧ ਜਾਗ੍ਰਿਤੀ ਪੈਦਾ ਕਰਨ ਵਾਲੀਆਂ ਕਿਰਤਾਂ ਲਿਖਣ ਵਜੋਂ ਸਥਾਪਤ ਹੋ ਚੁੱਕੀ ਹੈ।ਉਹਨਾ ਦੀ ਨਾ!ਮੰਮੀ ਨਾ ਨਾਮ ਦੀ ਕੰਨਿਆ ਭਰੂਣ ਹੱਤਿਆ ਤੋਂ ਲੋਕਾਂ ਨੂੰ ਵਰਜਣ ਸਬੰਧੀ ਰਚਨਾ ਬੇਹੱਦ ਮਕਬੂਲ ਹੋਈ ਹੈ।ਇਸ ਰਚਨਾ ਦੇ ਕਈ ਭਾਸ਼ਾਵਾਂ ਵਿੱਚ ਵਿੱਚ ਅਨੁਵਾਦ ਛਪੇ ਹਨ। 'ਇੰਡੀਅਨ ਐਕਸਪਰੈਸ' ਵਿੱਚ ਇਹਦਾ ਅੰਗਰੇਜ਼ੀ ਅਨੁਵਾਦ ਦੋ ਵਾਰ ਛਪਿਆ ਅਤੇ ਪੰਜਾਬੀ ਟ੍ਰਿਬਿਊਨ ਦੇ ਕਲਾ ਝਰੋਖੇ ਵਿੱਚ ਸੁਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਨੇ ਇਹਨੂੰ ਸ਼ਾਹਕਾਰ ਕਵਿਤਾ ਦਾ ਮਾਣ ਦਿੱਤਾ ਸੀ।

ਜੀਵਨ

ਡਾ. ਗੁਰਮਿੰਦਰ ਸਿੱਧੂ ਦਾ ਜਨਮ ਪਿਤਾ ਕੈਪਟਨ ਕਰਨੈਲ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ ਸਿਧਵਾਂ ਬੇਟ,ਜ਼ਿਲ੍ਹਾ ਲੁਧਿਆਣਾ ਵਿਖੇ 1 ਜਨਵਾਰੀ 1951 ਨੂੰ ਹੋਇਆ। ਉਹ ਸੀਨੀਅਰ ਮੈਡੀਕਲ ਅਫਸਰ,ਸਿਹਤ ਵਿਭਾਗ, ਪੰਜਾਬ ਵਿੱਚੋ ਸੇਵਾ ਮੁਕਤ ਹੋਏ ਹਨ। ਪੰਜਾਬੀ ਕਹਾਣੀ ਦੇ ਖੇਤਰ ਵਿੱਚ ਵੀ ਉਹਨਾ ਦਾ ਜਿਕਰਯੋਗ ਨਾਮ ਹੈ। ਉਹਨਾ ਦੇ ਪਤੀ ਡਾ. ਬਲਦੇਵ ਸਿੰਘ ਖਹਿਰਾ ਵੀ ਨਿੱਕੀ ਕਹਾਣੀ ਦੇ ਖੇਤਰ ਵਿੱਚ ਰਚਨਾ ਕਰਦੇ ਹਨ। ਉਸ ਦੀਆ ਕਵਿਤਾਵਾਂ ਤੇ ਆਧਾਰਿਤ ਨਾਟਕਚਿੜੀ ਦੀ ਅੰਬਰ ਵੱਲ ਉਡਾਣ ਜਾਣੀ ਪਹਿਚਾਣੀ ਨਾਟਕ ਨਿਰਦੇਸ਼ਕਾ ਅਨੀਤਾ ਸ਼ਬਦੀਸ਼ ਵਲੋਂ ਵੱਖ ਵੱਖ ਸਟੇਜਾਂ 'ਤੇ ਪੇਸ਼ ਕੀਤਾ ਗਿਆ ਹੌ ਅਤੇ ਹੁਣ ਤੱਕ ਇਸਦੇ ਕਰੀਬ 100 ਸ਼ੋਅ ਦੇਸ ਵਿਦੇਸ ਵਿੱਚ ਹੋ ਚੁੱਕੇ ਹਨ। ਗੁਰਮਿੰਦਰ ਸਿੱਧੂ ਨੇ ਕੰਨਿਆ ਭਰੂਣ ਹੱਤਿਆ ਬਾਰੇ ਆਮਿਰ ਖਾਨ ਦੇ ਸਟਾਰ-ਪਲੱਸ ਚੈਨਲ ਉੱਤੇ ਟੀ ਵੀ ਸ਼ੋਅ.. 'ਸੱਤਯਮੇਵ ਜਯਤੇ' ਵਿੱਚ ਹਿੱਸਾ ਲਿਆ ਅਤੇ ਧੀਆਂ ਨੂੰ ਬਚਾਉਣ ਦਾ ਸੁਨੇਹਾ ਦਿੱਤਾ।

ਸਨਮਾਨ

  • ਸਰਵੋਤਮ ਕਵਿਤਾ, ਭਾਸ਼ਾ ਵਿਭਾਗ ਪੰਜਾਬ
  • ਪੰਜਾਬੀ ਕਵਿਤਾ ਵਿੱਚ ਵਿਲੱਖਣ ਸ਼ਖਸ਼ੀਅਤ, ਇੰਟਰਨੈਸ਼ਨਲ ਕਲਚਰਲ ਫੋਰਮ
  • ਪੰਜਾਬੀ ਸਾਹਿਤ ਅਤੇ ਸੱਭਿਆਚਾਰ ਲਈ ਵਿਸ਼ੇਸ਼ ਦੇਣ ਵਾਸਤੇ ਐੇਵਾਰਡ
  • ਸਾਲ ਦੀ ਸਰਵੋਤਮ ਕਵਿੱਤਰੀ, ਕਲਾਕਾਰ ਸੰਗਮ
  • ਐੇਵਾਰਡ ਆਫ ਆਨਰ, ਕੋਹਿਨੂਰ ਵੈਲਫੇਅਰ ਸੋਸਾਇਟੀ ਸਿਧਵਾਂ ਬੇਟ
  • ਡਾ:ਜਸਵੰਤ ਗਿੱਲ ਐੇਵਾਰਡ, ਪੰਜਾਬੀ ਸਾਹਿਤ ਟਰੱਸਟ ਢੁੱਡੀਕੇ
  • ਲਾਭ ਸਿੰਘ ਚਾਤ੍ਰਿਕ ਐੇਵਾਰਡ, ਸਾਹਿਤ ਸਭਾ ਰਾਮਪੁਰ
  • ਰਾਣੀ ਸਾਹਿਬ ਕੌਰ ਪੁਰਸਕਾਰ, ਪੰਜਾਬੀ ਸੱਥ ਲਾਂਬੜਾਂ
  • ਕਵਿੱਤਰੀ ਲੇਖਕਾ ਸਮਾਜ ਸੇਵਾ ਸਨਮਾਨ, ਸ਼ੋਸ਼ਲ ਡਿਵੈਲਪਮੈਂਟ ਕੌਂਸਲ ਪੰਜਾਬ
  • ਵਿਸ਼ਵਾਨਾਥ ਤਿਵਾੜੀ ਐਵਾਰਡ, ਮਾਲਵਾ ਸੱਭਿਆਚਾਰਕ ਮੰਚ ਪੰਜਾਬ
  • ਪੰਜਾਬ ਰਤਨ ਐਵਾਰਡ, ਸ਼ਹੀਦ ਮੈਮੋਰੀਅਲ ਇੰਟਰਨੈਸ਼ਨਲ ਸੋਸਾਇਟੀ
  • ਸਾਹਿਤ ਸਮਾਜ ਸੇਵਾ ਲਈ ਸਨਮਾਨ, ਤਰਕਸ਼ੀਲ ਸੋਸਾਇਟੀ(ਪੰਜਾਬ)
  • ਐਵਾਰਡ ਆਫ ਆਨਰ, ਇੰਟਰਨੈਸ਼ਨਲ ਪੰਜਾਬੀ ਲਿਟਰੇਚਰ ਅਕੈਡਮੀ,ਕੈਲੇਫੋਰਨੀਆ,ਯੂ.ਐਸ.ਏ
  • ਸਨਮਾਨ ਮੇਲਾ ਗਦਰੀ ਬਾਬਿਆਂ ਦਾ ਇੰਡੋਕੈਨੇਡੀਅਨ ਕਲਚਰਲ ਆਰਗੇਨਾਈਜ਼ੇਸ਼ਨ,ਯੁ.ਐਸ.ਏ.
  • ਐਪਰੀਸੀਏਸ਼ਨ ਐਵਾਰਡ, ਪੀਪਲ-ਰਾਈਟਰਜ਼ ਲਿਟਰੇਰੀ ਐਸੋਸੀਏਸ਼ਨ,ਨਾਰਥ ਅਮਰੀਕਾ
  • ਧੀ ਪੰਜਾਬ ਦੀ ਐਵਾਰਡ, ਸ਼ਿਰੋਮਣੀ ਪੰਜਾਬੀ ਲਿਖਾਰੀ ਸਭਾ
  • ਕਰਨਲ ਭੱਠਲ ਪੁਰਸਕਾਰ ਬੋਰਡ

ਰਚਨਾਵਾਂ

  • ਤਾਰਿਆਂ ਦੀ ਛਾਵੇਂ
  • ਮੱਸਿਆ ਤੇ ਗੁਲਾਬੀ ਲੋਅ
  • ਬੁੱਕਲ ਵਿਚਲੇ ਸੂਰਜ
  • ਚੌਮੁਖੀਆ ਇਬਾਰਤਾਂ[1]

ਕਾਵਿ ਵੰਨਗੀ

1.
ਬਹੁਤ ਹੀ ਹੱਸਦੀਆਂ ਨੇ ਕੁੜੀਆਂ
ਸੋਲ੍ਹਵੇਂ ਸੰਧੂਰੀ ਸਾਲ ਵਿੱਚ
ਬਿਨਾਂ ਗੱਲੋਂ ਹੀ
ਦੀਵਾਲੀ ਦੇ ਅਨਾਰਾਂ ਵਾਂਗ ਖਿੜ-ਖਿੜ ਪੈਂਦੀਆਂ
ਕਿ ਪੌਣਾਂ ਵਿੱਚ ਹਾਸੇ ਦੇ ਲਹਿਰੀਏ ਬੁਣੇ ਜਾਂਦੇ ਨੇ

ਨਿੱਕੀ ਜਿਹੀ ਗੱਲ 'ਤੇ
ਦੂਹਰੀਆਂ ਤੀਹਰੀਆਂ ਚੌਹਰੀਆਂ ਹੁੰਦੀਆਂ
ਕਿ ਦੇਖਣ ਵਾਲੀਆਂ ਅੱਖਾਂ ਕਦੀ ਘੂਰਦੀਆਂ,
ਕਦੀ ਮੁਸਕਾਣ ਲੱਗ ਪੈਂਦੀਆਂ ਨੇ
ਇਕ ਦੂਜੀ ਦੇ ਕੰਨ ਵਿੱਚ ਨਿੱਕੀ ਜਿਹੀ ਸਰਗੋਸ਼ੀ ਕਰਕੇ
ਬੁੱਕਲਾਂ ਵਿੱਚ ਮੂੰਹ ਲੁਕਾ ਲੈਂਦੀਆਂ
ਤੇ ਫਿਰ ਮੱਕੀ ਦੀਆਂ ਭੁੱਜਦੀਆਂ ਖਿੱਲਾਂ ਵਾਂਗ
ਤਿੜ-ਤਿੜ ਕਰਕੇ
ਆਪਣੇ-ਆਪ ਤੋਂ ਵੀ ਬਾਹਰ ਡੁੱਲ੍ਹਣ ਲੱਗਦੀਆਂ ਨੇ
ਕਿ ਫਿਜ਼ਾ ਵਿੱਚ
ਸੱਜਰੇ ਗੁੜ ਦੀ ਮਹਿਕ ਘੁਲ਼ ਜਾਂਦੀ ਹੈ


ਹੱਸ ਹੱਸ ਕੇ ਦੁਖਦੀਆਂ ਵੱਖੀਆਂ ਵਿੱਚ ਮੁੱਕੀਆਂ ਦੇ ਕੇ
ਇੰਜ ' ਹਾਇ ਨੀ ਮੈਂ ਮਰਗੀ..ਨੀ ਮੈਂ ਮਰਗੀ '
ਕਰਦੀਆਂ ਨੇ ਚੰਦਰੀਆਂ
ਕਿ ਬਾਕੀ ਸਾਰੀ ਉਮਰ
ਕਿਤੋਂ ਨਾ ਕਿਤੋਂ ਮਰੀਆਂ ਹੀ ਰਹਿੰਦੀਆਂ ਨੇ

2.

ਮੈਨੂੰ ਲੈ ਦੇ ਸੱਜਣ ਖੱਟੀ ਲੋਈ ! ਲੋਈ ਸਰ੍ਹੋਆਂ ਦੀ
ਪੀਲੇ ਰੰਗ ਦੀ ਨੀਲਾਮੀ ਹੋਈ ! ਲੋਈ ਸਰ੍ਹੋਆਂ ਦੀ


ਕਿਸ ਮਿਰਜ਼ੇ ਨੇ ਖੇਤ ਇਹ ਵਾਹਿਆ ?
ਦਿਲ ਬੀਜ ਦੇ ਵਿੱਚ ਰਲਾਇਆ
ਹੁਣ ਖਿੜ ਕੇ ਵੰਡੇ ਖੁਸ਼ਬੋਈ, ਲੋਈ ਸਰ੍ਹੋਆਂ ਦੀ
ਮੈਨੂੰ ਲੈ ਦੇ ਸੱਜਣ ਖੱਟੀ ਲੋਈ ! ਲੋਈ ਸਰ੍ਹੋਆਂ ਦੀ


ਇਹ ਤਾਂ ਸੁੱਚੜੇ ਵਾਅਦੇ ਨੇ ਪੁੱਗੇ
ਫੁੱਲ ਸੋਨੇ ਦੇ ਧਰਤੀ 'ਚੋਂ ਉੱਗੇ
ਪੀਲੇ ਮੋਤੀਆਂ ਵਿੱਚ ਪਰੋਈ ! ਲੋਈ ਸਰ੍ਹੋਆਂ ਦੀ
ਲੈ ਦੇ! ਲੈ ਦੇ ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ

ਪਰ੍ਹੇ ਗੰਨੇ, ਉਰੇ ਹਰੇਵਾਈ
ਵਿੱਚ ਧੁੱਪ ਹੈ ਫੜ ਕੇ ਬਿਠਾਈ
ਵੇ ਮੈਂ ਤੱਕ ਕੇ ਸ਼ਰਾਬਣ ਹੋਈ, ਲੋਈ ਸਰ੍ਹੋਆਂ ਦੀ
ਮੈਨੂੰ ਲੈ ਦੇ ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ

3.

ਕਣਕ ਛੋਲਿਆਂ ਦਾ ਖੇਤ,ਜੀ ਨਿਸਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ…

ਅਸੀਂ ਮੋਹ ਦਿਆਂ ਛਰਾਟਿਆਂ ਨੂੰ ਪਿੱਛੇ ਛੱਡ ਆਈਆਂ
ਅਸੀਂ ਅੰਮੜੀ ਦੇ ਕਾਲਜੇ ਦਾ ਰੁੱਗ ਵੱਢ ਲਿਆਈਆਂ
ਵਗੇ ਹੰਝੂਆਂ ਦਾ ਚੇਤਾ, ਜੀ ਬਿਖਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ[2]

ਬਲਾਗ

ਲਿੰਕ:

ਫੇਸਬੁੱਕ ਪੰਨਾ

ਲਿੰਕ: [2]

ਹਵਾਲੇ

ਫਰਮਾ:ਹਵਾਲੇ