ਜੰਗੀ ਕੈਦੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox bookਜੰਗੀ ਕੈਦੀ ਪੰਜਾਬੀ ਨਾਵਲਕਾਰ ਕੇਸਰ ਸਿੰਘ ਦਾ ਨਾਵਲ ਹੈ। ਇਹ ਨਾਵਲ 1959 ਈ. ਵਿੱਚ ਛਪਿਆ। ਇਸ ਨਾਵਲ ਦੀਆਂ ਪੰਜ ਲੱਖ ਕਾਪੀਆਂ[1] ਇਕੱਲੇ ਰੂਸ ਵਿੱਚ ਛਪੀਆਂ ਸਨ। ਛਪਣ ਦੇ ਨਾਲ-ਨਾਲ ਕੇਸਰ ਸਿੰਘ ਨੂੰ ਛੇ ਹਜ਼ਾਰ ਰੂਬਲ ਦੀ ਰਾਇਲਟੀ ਦੀ ਰਕਮ ਵੀ ਦੇਣੀ ਤੈਅ ਕੀਤੀ ਗਈ ਸੀ ਪਰ ਕੇਸਰ ਸਿੰਘ ਦੇ ਉੱਥੇ ਨਾ ਪਹੁੰਚ ਸਕਣ ਕਾਰਨ ਉਹ ਇਹ ਰਾਸ਼ੀ ਪ੍ਰਾਪਤ ਨਾ ਕਰ ਸਕਿਆ। ਕੇਸਰ ਸਿੰਘ ਨੇ ਆਜ਼ਾਦੀ ਦੀ ਜੰਗ ਦੇ ਪਿਛੋਕੜ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਨਾਵਲ ਲਿਖੇ ਹਨ ਜਿਨ੍ਹਾਂ ਵਿਚੋਂ ਇੱਕ ਨਾਵਲ ਇਹ ਹੈ। ਇਹ ਵੱਡ-ਆਕਾਰੀ ਨਾਵਲ ਗ਼ਦਰ ਲਹਿਰ ਦੇ ਇਤਿਹਾਸ ਨੂੰ ਪ੍ਰਗਟਾਉਂਦਾ ਹੈ।

ਨਾਵਲ ਦੀ ਕਹਾਣੀ

ਜੰਗੀ ਕੈਦੀ ਨਾਵਲ ਵਿੱਚ ਉਸ ਸਮੇਂ ਦਾ ਵਰਨਣ ਕੀਤਾ ਗਿਆ ਹੈ ਜਦੋਂ ਦੂਜੀ ਵਿਸ਼ਵ ਜੰਗ ਦੇ ਦੌਰਾਨ ਜਾਪਾਨੀ ਸਾਮਰਾਜ ਦੇ ਫੌਜੀਆਂ ਨੇ ਬਰਮਾ, ਮਲਾਇਆ, ਸਿੰਗਾਪੁਰ ਤੇ ਥਾਈਲੈਂਡ ਦੀ ਧਰਤੀ ਉੱਪਰ ਕਬਜ਼ਾ ਕਰ ਲਿਆ। ਉਹ ਉੱਥੋਂ ਦੇ ਬਰਤਾਨਵੀ ਸੈਨਿਕਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਤੋਂ ਡਾਢੀ ਮਸ਼ੱਕਤ ਵਾਲੇ ਕੰਮ ਕਰਵਾਉਂਦੇ ਸਨ। ਇਸ ਨਾਵਲ ਦੀ ਸ਼ੁਰੂਆਤ ਇੱਕ ਦ੍ਰਿਸ਼ ਤੋਂ ਹੁੰਦੀ ਹੈ ਜਿਸ ਵਿੱਚ ਭਾਰਤੀ ਫੌਜੀ ਇਕੱਠੇ ਹੋ ਕੇ ਹਾਸਾ-ਮਖੌਲ ਕਰ ਰਹੇ ਹਨ। ਉਨ੍ਹਾਂ ਦੀਆਂ ਗੱਲਾਂ ਵਿਚੋਂ ਹੀ ਉਨ੍ਹਾਂ ਦੇ ਭਰਤੀ ਹੋਣ ਦੇ ਕਾਰਨਾਂ ਬਾਰੇ ਪਤਾ ਚੱਲਦਾ ਹੈ। ਅਸਲ ਵਿੱਚ ਉਨ੍ਹਾਂ ਦੇ ਮੰਦੇ ਸਮਾਜਿਕ ਤੇ ਆਰਥਿਕ ਹਾਲਾਤਾਂ ਕਰਕੇ ਹੀ ਉਹ ਫੌਜ ਵਿੱਚ ਭਰਤੀ ਹੋਏ ਸਨ। ਦੂਜੀ ਵਿਸ਼ਵ ਜੰਗ ਦੌਰਾਨ ਫਰਾਂਸ ਦੀ ਹਾਰ ਹੋਈ ਸੀ। ਜਰਮਨੀ ਤੇ ਬਰਤਾਨੀਆ ਦੋਵੇਂ ਸਰਕਾਰਾਂ ਆਪਸ ਵਿੱਚ ਲੜ ਰਹੀਆਂ ਸਨ। ਜਾਪਾਨ ਜਰਮਨ ਸਰਕਾਰ ਦੀ ਸਹਾਇਤਾ ਕਰਨ ਲਈ ਤਿਆਰ ਹੋ ਰਿਹਾ ਸੀ। 7 ਤੇ 8 ਦਿਸੰਬਰ ਦੀ ਰਾਤ ਨੂੰ ਜਾਪਾਨ ਸਰਕਾਰ ਨੇ ਅਮਰੀਕਾ ਤੇ ਇੰਗਲੈਂਡ ਦੇ ਖਿਲਾਫ ਲੜਾਈ ਛੇੜਨ ਦਾ ਐਲਾਨ ਕਰ ਦਿੱਤਾ। ਉਸੇ ਰਾਤ ਅਮਰੀਕੀ ਬੇੜਾ ਵੀ ਡੋਬ ਦਿੱਤਾ ਗਿਆ। ਅੰਗਰੇਜੀ ਸਰਕਾਰ ਉਸ ਵੇਲੇ ਯੂਰਪ ਵਾਲੇ ਪਾਸੇ ਹੋ ਰਹੀ ਵਿਸ਼ਵ ਜੰਗ ਵਿੱਚ ਰੁੱਝੀ ਹੋਈ ਸੀ। ਉਹ ਇਸ ਪਾਸੇ ਹੋ ਰਹੀ ਲੜਾਈ ਵੱਲ ਧਿਆਨ ਦੇਣਾ ਹੀ ਨਹੀਂ ਚਾਹੁੰਦੇ ਸਨ। ਅੰਗਰੇਜੀ ਫੌਜੀਆਂ ਨੂੰ ਪਿੱਛੇ ਹਟਦਾ ਦੇਖ ਭਾਰਤੀ ਫੌਜੀਆਂ ਵਿੱਚ ਵੀ ਸਵੈਮਾਨ ਦੀ ਭਾਵਨਾ ਪੈਦਾ ਹੋਣ ਲੱਗ ਪਈ ਸੀ। ਉਹ ਵੀ ਸੋਚਣ ਲੱਗੇ ਕਿ ਜੇਕਰ ਅੰਗਰੇਜ ਖੁਦ ਹੀ ਆਪਣੇ ਰਾਜ ਨੂੰ ਬਣਾਏ ਰੱਖਣ ਲਈ ਨਹੀਂ ਲੜ ਰਹੇ ਤਾਂ ਅਸੀਂ ਕਿਉਂ ਇਸ ਵਿੱਚ ਆਪਣੀ ਜਾਨ ਦੇਈਏ। ਸਿੱਟੇ ਵਜੋਂ ਉਹ ਪਿੱਛੇ ਹਟਣ ਲੱਗ ਪਏ।

ਜਾਪਾਨੀ ਹਮਲਿਆਂ ਨਾਲ ਕਈ ਸੁੰਦਰ ਤੇ ਆਲੀਸ਼ਾਨ ਬਰਤਾਨਵੀ ਸਰਕਾਰ ਦੇ ਘਰ ਤੇ ਦਫ਼ਤਰ ਤਬਾਹ ਕਰ ਦਿੱਤੇ ਗਏ। ਸਥਾਨਕ ਚੀਨੀ ਲੋਕ ਵੀ ਘਰੋਂ ਬੇਘਰ ਹੋ ਗਏ। ਕੋਈ ਵੀ ਡਰ ਕਾਰਨ ਉਨ੍ਹਾਂ ਦਾ ਵਿਰੋਧ ਨਾ ਕਰਦਾ। ਜਿਨ੍ਹਾਂ ਲੋਕਾਂ ਤੇ ਜਾਪਾਨੀਆਂ ਨੂੰ ਸ਼ੱਕ ਹੁੰਦਾ ਉਨ੍ਹਾਂ ਨੂੰ ਵੀ ਉਹ ਬੰਦੀ ਬਣਾ ਲੈਂਦੇ। ਉਨ੍ਹਾਂ ਉੱਪਰ ਜ਼ੁਲਮ ਕਰਦੇ ਤੇ ਉਨ੍ਹਾਂ ਤੋਂ ਜ਼ਬਰਦਸਤੀ ਕੰਮ ਕਰਵਾਉਂਦੇ। ਕੰਮ ਕਰਦੇ ਹੋਏ ਜੇਕਰ ਕੋਈ ਕੈਦੀ ਖਾਣ ਵਾਲਾ ਸਾਮਾਨ ਚੋਰੀ ਕਰਦਾ ਪਤਾ ਲੱਗਦਾ ਤਾਂ ਉਹ ਉਸ ਦਾ ਕੁੱਟ-ਕੁੱਟ ਦੁੰਬਾ ਬਣਾ ਦਿੰਦੇ। ਜੇ ਕੋਈ ਬੰਦੀ ਕੈਦੀ ਬਿਮਾਰ ਪੈ ਜਾਂਦਾ ਤਾਂ ਉਸ ਦਾ ਕੋਈ ਖਾਸ ਖਿਆਲ ਨਾ ਰੱਖਿਆ ਜਾਂਦਾ, ਸਗੋਂ ਉਸ ਤੋਂ ਉਸ ਵੇਲੇ ਤੱਕ ਕੰਮ ਕਰਵਾਇਆ ਜਾਂਦਾ ਜਦੋਂ ਤੱਕ ਉਸ ਦਾ ਆਖਿਰੀ ਸਾਹ ਨਾ ਨਿਕਲ ਜਾਂਦਾ। ਅੰਗਰੇਜ ਕੈਦੀਆਂ ਦੀ ਤਲਾਸ਼ੀ ਲੈਂਦਿਆਂ ਅਕਸਰ ਉਨ੍ਹਾਂ ਕੋਲੋਂ ਕੁਝ ਨਾ ਕੁਝ ਖਾਣੇ-ਪੀਣੇ ਦਾ ਸਮਾਨ ਬਰਾਮਦ ਹੋ ਜਾਂਦਾ ਸੀ। ਏਸੇ ਸ਼ੱਕ ਅਧੀਨ ਜਾਪਾਨੀ ਫੌਜ ਅਧਿਕਾਰੀਆਂ ਨੇ ਇੱਕ ਵਾਰ ਭਾਰਤੀ ਬੰਦੀਆਂ ਦੇ ਬੈਰਕ ਦੀ ਵੀ ਤਲਾਸ਼ੀ ਲੈ ਲਈ। ਬਹੁਤਿਆਂ ਕੋਲ ਖਾਣੇ ਦਾ ਸਮਾਨ ਜਮਾਂ ਕੀਤਾ ਪਿਆ ਸੀ। ਸ਼ਿਵ ਨਾਂ ਦੇ ਇੱਕ ਭਾਰਤੀ ਫੌਜੀ ਕੋਲ ਕੁਨੀਨ ਦੀਆਂ ਗੋਲੀਆਂ ਵੀ ਸਨ। ਏਨੀ ਮਾਰ ਪਈ ਕਿ ਉਹ ਬੇਹੋਸ਼ ਹੋ ਗਿਆ। ਫੇਰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੀ ਸਿੰਗਾਪੁਰ ਦੀ ਜੇਲ ਵਿੱਚ ਭੇਜ ਦਿੱਤਾ ਗਿਆ। ਇੱਕ ਹੋਰ ਭਾਰਤੀ ਫੌਜੀ ਚੌਥੂ ਮਾਰ ਕਾਰਨ ਬਿਮਾਰ ਹੋ ਗਿਆ ਤੇ ਮਰ ਗਿਆ।

ਜਾਵਾ, ਸੁਮਾਤਰਾ ਟਾਪੂਆਂ ਉੱਪਰ ਜਾਪਾਨੀਆਂ ਦਾ ਕਬਜ਼ਾ ਹੋ ਜਾਣ ਕਰਕੇ ਉੱਥੋਂ ਦੇ ਡੱਚ ਅਧਿਕਾਰੀਆਂ ਨੂੰ ਬੰਦੀ ਬਣਾ ਕੇ ਬਰਮਾ ਤੋਂ ਸ਼ਿਆਮ ਤੱਕ ਬਣਾਈ ਜਾਣ ਵਾਲੀ ਰੇਲ ਸੜਕ ਉੱਪਰ ਕੰਮ ਕਰਨ ਲਈ ਕਹਿ ਦਿੱਤਾ ਗਿਆ। ਸ਼ਿਵ ਦੇ ਠੀਕ ਹੋਣ ’ਤੇ ਉਸ ਨੂੰ ਯਾਮੋਮੋਤੋ ਇੰਜੀਨੀਅਰ ਦਾ ਡਰਾਈਵਰ ਲਗਾ ਦਿੱਤਾ ਗਿਆ। ਸਿੰਗਾਪੁਰ ਦੀ ਇੱਕ ਕੋਠੀ ਵਿੱਚ ਰੋਜਾਨਾ ਕਈ ਸ਼ਹਿਰਾਂ ਦੀਆਂ ਕੁੜੀਆਂ ਨੂੰ ਧੋਖੇ ਨਾਲ ਭਰਤੀ ਕਰਨ ਦੇ ਬਹਾਨੇ ਲੈ ਆਉਂਦੇ। ਜਾਪਾਨੀ ਅਫਸਰ ਇਸੇ ਕੋਠੀ ਵਿੱਚ ਉਨ੍ਹਾਂ ਕੁੜੀਆਂ ਦਾ ਜਿਣਸੀ ਸ਼ੋਸ਼ਣ ਕਰਦੇ। ਯਾਮੋਮੋਤੋ ਦੀ ਗੈਰ ਹਾਜ਼ਰੀ ਵਿੱਚ ਸ਼ਿਵ ਨੇ ਉਨ੍ਹਾਂ ਕੁੜੀਆਂ ਨੂੰ ਇੱਕ ਕੋਠੀ ਵਿਚੋਂ ਭਜਾ ਦਿੱਤਾ। ਜਾਪਾਨੀਆਂ ਦੇ ਬਣਾਏ ਹੋਏ ਕੈਦੀਆਂ ਨੂੰ ਰਾਹਤ ਦਾ ਸਾਹ ਉਦੋਂ ਆਇਆ ਜਦੋਂ ਅਮਰੀਕਾ ਨੇ ਜਾਪਾਨ ਦੇ ਹੀਰੋਸ਼ਿਮਾ ਤੇ ਨਾਗਾਸਾਕੀ ਉੱਪਰ ਬੰਬ ਸਿੱਟ ਦਿੱਤੇ। ਇਨ੍ਹਾਂ ਬੰਬਾਂ ਦੇ ਖੌਫ ਤੋਂ ਜਾਪਾਨੀਆਂ ਨੇ ਬਿਨਾਂ ਕਿਸੇ ਸ਼ਰਤ ਨੇ ਹਾਰ ਮੰਨ ਲਈ ਤੇ ਬੰਦੀਆਂ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ ਗਏ।

ਨਾਵਲ ਦੀ ਆਲੋਚਨਾ

ਜੋਨਾਥਨ ਵਾਈਲਡ ਮੁਤਾਬਿਕ, ‘‘ਇੱਕ ਰਚਨਾ ਤਾਂ ਹੀ ਇਤਿਹਾਸਕ ਬਣ ਸਕਦੀ ਹੈ ਜੇ ਉਸ ਵਿੱਚ ਸੱਚੀਆਂ ਤਰੀਕਾਂ ਅਤੇ ਇਤਿਹਾਸਕ ਘਟਨਾਵਾਂ ਦੀ ਸਬੂਤਾਂ ਸਹਿਤ ਜਾਣਕਾਰੀ ਦਿੱਤੀ ਜਾ ਸਕੇ।’’[2] ਇਤਿਹਾਸਕ ਨਾਵਲ ਵਿੱਚ ਉਸ ਸਮੇਂ ਦੇ ਸਾਰੇ ਲੋਕ ਵੀ ਸਾਡੇ ਸਮੇਂ ਨਾਲੋਂ ਅਲੱਗ ਦਿਸਣੇ ਚਾਹੀਦੇ ਹਨ। ਇਤਿਹਾਸਕ ਨਾਵਲ ਸਿਰਫ ਕੁੱਝ ਲੋਕਾਂ ਦੀ ਕਹਾਣੀ ਪੇਸ਼ ਨਹੀਂ ਕਰਦਾ ਸਗੋਂ ਸਾਰੇ ਲੋਕ ਹੀ ਇਤਿਹਾਸਕ ਲੱਗਣੇ ਚਾਹੀਦੇ ਹਨ। ਇਹ ਭਿੰਨਤਾ ਉਨ੍ਹਾਂ ਦੀ ਪੌਸ਼ਾਕ, ਬੋਲੀ, ਰਸਮੋ-ਰਿਵਾਜ਼ ਨਾਲ ਪੇਸ਼ ਕੀਤੀ ਜਾ ਸਕਦੀ ਹੈ। ਗਿਆਨੀ ਕੇਸਰ ਸਿੰਘ ਨੇ ਗ਼ਦਰ ਲਹਿਰ ਨਾਲ ਜੁੜੇ ਆਪਣੇ ਸਾਰੇ ਨਾਵਲਾਂ ਵਿੱਚ ਰੌਚਕਤਾ ਪੈਦਾ ਕਰਨ ਲਈ ਭਾਵੁਕਤਾ ਭਰੇ ਪ੍ਰਸੰਗ ਸਿਰਜੇ ਹਨ। ਮਸਲਨ ਇਸ ਨਾਵਲ ਵਿੱਚ ਵੀ ਜਦੋਂ ਪਹਿਲੇ ਵਿਸ਼ਵ ਯੁੱਧ ਵਿੱਚ ਸੈਨਿਕ ਮਾਰੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਕਬਰ ਆਪ ਪੁੱਟਣ ਲਈ ਕਿਹਾ ਜਾਂਦਾ ਹੈ ਤਾਂ ਜੋ ਉਹ ਆਪ ਹੀ ਆਪਣੇ ਟੋਏ ਵਿੱਚ ਡਿੱਗ ਜਾਣ। ਇੱਕ ਕੈਦੀ ਆਪਣੀ ਪੱਗ ਮੋਢੇ ’ਤੇ ਰੱਖ ਲੈਂਦਾ ਹੈ। ਦੂਰ ਹਨੇਰੇ ਵਿੱਚ ਗੋਲੀ ਪੱਗ ’ਤੇ ਲੱਗਣ ਕਰ ਕੇ ਉਸ ਦਾ ਬਚਾਅ ਹੋ ਜਾਂਦਾ ਹੈ ਤੇ ਉਪਰ ਮਿੱਟੀ ਪਾ ਦਿੱਤੀ ਜਾਂਦੀ ਹੈ। ਜਦੋਂ ਫ਼ੌਜੀ ਚਲੇ ਜਾਂਦੇ ਹਨ ਤਾਂ ਜੰਗੀ ਕੈਦੀ ਆਪਣੇ ਉਪਰੋਂ ਮਿੱਟੀ ਲਾਹ ਦਿੰਦਾ ਹੈ ਤੇ ਸ਼ਹਿਰ ਵਿੱਚ ਰੌਣਕ ਵਾਲੀ ਥਾਂ ’ਤੇ ਚਲਾ ਜਾਂਦਾ ਹੈ। ਇਨ੍ਹਾਂ ਘਟਨਾਵਾਂ ਨੇ ਨਾਵਲ ਵਿੱਚ ਭਾਵੁਕਤਾ ਭਰ ਦਿੱਤੀ ਹੈ। ਇਨ੍ਹਾਂ ਗੁਣਾਂ ਕਾਰਨ ਉਨ੍ਹਾਂ ਨੂੰ ਗ਼ਦਰ ਲਹਿਰ ਦੀ ਸਾਹਿਤਕਾਰੀ ਦਾ ਬਾਬਾ ਬੋਹੜ[3] ਵੀ ਕਿਹਾ ਜਾਂਦਾ ਹੈ।

ਡਾਕਟਰ ਅਤਰ ਸਿੰਘ[4] ਲਿੱਖਦੇ ਹਨ, ‘‘ਕੇਸਰ ਸਿੰਘ ਦੀ ਲੇਖਣੀ ਵਿੱਚ ਵਿਨੋਦ ਤੇ ਚਿੰਤਨ ਇੱਕ ਦੂਸਰੇ ਨਾਲ ਘੁਲੇ ਮਿਲੇ ਹੁੰਦੇ ਹਨ, ਜਿਸ ਕਰਕੇ ਨਾ ਤਾਂ ਰੌਚਕਤਾ ਵਿੱਚ ਫਿੱਕ ਪੈਦਾ ਹੁੰਦੀ ਹੈ ਤੇ ਨਾ ਹੀ ਉਸ ਦਾ ਮਾਨਵੀ ਅਰਥ ਪਤਲਾ ਪੈਂਦਾ ਹੈ।’’ ਗਿਆਨੀ ਲਾਲ ਸਿੰਘ[5] ਦੀ ਰਾਏ ਵਿਚ, ‘‘ਕੇਸਰ ਸਿੰਘ ਲੰਡਨ ਵਿੱਚ ਅੱਠ ਸਾਲ ਰਿਹਾ ਹੈ। ਉਸ ਨੂੰ ਵਰਨਣ ਕਰਨ ਲਈ ਕਲਪਣਾ ਤੋ ਕੰਮ ਲੈਣ ਦੀ ਲੋੜ ਹੀਂ ਨਹੀਂ।’’ ਸੁਜਾਨ ਸਿੰਘ[6] ਲਿੱਖਦੇ ਹਨ, ‘‘ਕੇਸਰ ਸਿੰਘ ਖਾਕੇ, ਤਰਤੀਬ ਤੇ ਵੇਰਵੇ ਦਾ ਕਾਰੀਗਰ ਹੈ। ਉਸ ਨੂੰ ਜਾਨ ਪਾਉਣ ਦਾ ਹੁਨਰ ਆਉਂਦਾ ਹੈ।’’

ਸਹਾਇਕ ਪੁਸਤਕਾਂ

  1. ਨੰਦਾ, ਜਤਿੰਦਰਬੀਰ ਸਿੰਘ (ਪ੍ਰੋ.), ਕੇਸਰ ਸਿੰਘ ਦੀ ਨਾਵਲ ਕਲਾ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਜੂਨ 1986
  2. ਦੁਸਾਂਝ, ਸੁਰਿੰਦਰ ਸਿੰਘ, ਪੰਜਾਬੀ ਇਤਿਹਾਸਕ ਨਾਵਲ, ਸਿਰਜਣਾ ਪ੍ਰੈੱਸ ਲੁਧਿਆਣਾ, ਦਿਸੰਬਰ 1962
  3. ਕੇਸਰ, ਜਸਬੀਰ, ਨਾਵਲਕਾਰ ਕੇਸਰ ਸਿੰਘ ਦਾ ਜੁਝਾਰ, ਆਕੀ ਪ੍ਰਕਾਸ਼ਨ ਚੰਡੀਗੜ੍ਹ, 1988

ਹਵਾਲੇ

  1. Service, Tribune News. "ਪਾਟੇ ਪੰਨਿਆਂ ਦੀ ਅਧੂਰੀ ਇਬਾਰਤ". Tribuneindia News Service. Retrieved 2021-08-14.
  2. Service, Tribune News. "ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ". Tribuneindia News Service. Retrieved 2021-08-14.
  3. "ਪੰਜਾਬੀ ਸਾਹਿਤ ਸਭਾ ਵਲੋਂ ਗਿ: ਕੇਸਰ ਸਿੰਘ ਦੇ 100ਵੇਂ ਜਨਮ ਦਿਨ 'ਤੇ ਸਮਾਰੋਹ". Punjabi Jagran News. Retrieved 2021-08-14.
  4. Service, Tribune News. "ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ". Tribuneindia News Service. Retrieved 2021-08-14.
  5. Service, Tribune News. "ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ". Tribuneindia News Service. Retrieved 2021-08-14.
  6. Service, Tribune News. "ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ". Tribuneindia News Service. Retrieved 2021-08-14.