ਜਸਵਿੰਦਰ (ਗ਼ਜ਼ਲਗੋ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਲੇਖਕ ਜਸਵਿੰਦਰ, ਪੰਜਾਬੀ ਦਾ ਗ਼ਜ਼ਲਗੋ ਹੈ। ਉਸ ਦੇ ਗ਼ਜ਼ਲ ਸੰਗ੍ਰਿਹ ਅਗਰਬੱਤੀ ਨੂੰ "ਭਾਰਤੀ ਸਾਹਿਤ ਅਕਾਦਮੀ" ਦਾ ਅਵਾਰਡ ਦਿੱਤਾ ਗਿਆ।[1] ਉਹ ਕਿੱਤੇ ਵਜੋਂ ਇੰਜੀਨੀਅਰ ਸੀ। ਰੋਪੜ ਥਰਮਲ ਪਲਾਂਟ ਵਿਖੇ ਲੱਗਪਗ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਇਆ। ਉਸਨੂੰ ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਵੀ ਸਨਮਾਨਿਆ ਜਾ ਚੁੱਕਿਆ।[2]

ਉਸ ਦੇ ਆਪਣੇ ਕਥਨ ਅਨੁਸਾਰ: "ਗ਼ਜ਼ਲ-ਰਚਨਾ ਮੇਰੇ ਲਈ ਸਿਰਫ਼ ਸ਼ੌਕ ਨਹੀਂ ਹੈ ਸਗੋਂ ਮੇਰੀ ਸਮਾਜਿਕ ਯਥਾਰਥਕ ਪ੍ਰਤੀਬੱਧਤਾ ਦਾ ਓਨਾ ਹੀ ਪੀਡਾ ਉਚਾਰ ਹੈ ਜਿੰਨਾ ਕਿ ਹੋਰ ਕਿਸੇ ਕਾਵਿ ਵਿਧਾ ਜਾਂ ਨਜ਼ਮ ਵਿੱਚ ਹੁੰਦਾ ਹੈ।"[3]

ਜ਼ਿੰਦਗੀ

ਜਸਵਿੰਦਰ ਦਾ ਜਨਮ 15 ਦਸੰਬਰ 1956 ਨੂੰ ਕਲਾਲਵਾਲਾ, ਜਿਲ੍ਹਾ ਬਠਿੰਡਾ ਵਿਖੇ ਪਿਤਾ ਸਰਦਾਰ ਭਗਵੰਤ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਦੇਵ ਕੌਰ ਦੇ ਪਰਿਵਾਰ ਵਿੱਚ ਹੋਇਆ।

ਗ਼ਜ਼ਲ ਸੰਗ੍ਰਹਿ

  • ਕਾਲੇ ਹਰਫ਼ਾਂ ਦੀ ਲੋਅ (1996)
  • ਕੱਕੀ ਰੇਤ ਦੇ ਵਰਕੇ (2002)
  • ਅਗਰਬੱਤੀ (2011)

ਕਾਵਿ ਨਮੂਨਾ

ਮਨ ਦੀਆਂ ਰੁੱਤਾਂ ਦੇ ਇਸ ਕੋਲਾਜ ਨੂੰ ਕੀ ਨਾਂ ਦਿਆਂ
ਮੇਰੀਆਂ ਅੱਖਾਂ 'ਚ ਅੱਧਾ ਹਾੜ ਅੱਧਾ ਸੌਣ ਹੈ

ਗ਼ਜ਼ਲ

ਅਸੀਂ ਦਿਲ ਛੱਡ ਗਏ ਹੋਈਏ ਅਜੇਹਾ ਵੀ ਨਹੀਂ ਲਗਦਾ।
ਪਤਾ ਨਈਂ ਫੇਰ ਕਿਉਂ ਸਾਡਾ ਕਿਤੇ ਵੀ ਜੀ ਨਹੀਂ ਲਗਦਾ।

ਕਦੇ ਲਗਦੇ ਨੇ ਤਾਰੇ, ਫੁੱਲ, ਪੰਛੀ ਆਪਣੇ ਵਰਗੇ,
ਕਦੇ ਸ਼ੀਸ਼ੇ ‘ਚ ਅਪਣਾ ਅਕਸ ਅਪਣਾ ਹੀ ਨਹੀਂ ਲਗਦਾ।

ਕਿਵੇਂ ਇਕ ਨਾਮ ਦੇਈਏ ਇਸ ‘ਚ ਸਭ ਰਿਸ਼ਤੇ ਸਮੋਏ ਨੇ,
ਲਹੂ ਵਿਚ ਦਰਦ ਜੋ ਘੁਲ਼ਿਆ ਹੈ ਸਾਡਾ ਕੀ ਨਹੀਂ ਲਗਦਾ।

ਕਿਸੇ ਨੂੰ ਜਗ ਰਹੀ ਹਰ ਚੀਜ਼ ‘ਚੋਂ ਸੂਰਜ ਨਜ਼ਰ ਆਵੇ,
ਕਿਸੇ ਨੂੰ ਪੁੰਨਿਆਂ ਦਾ ਚੰਨ ਵੀ ਅਸਲੀ ਨਹੀਂ ਲਗਦਾ ।

ਜਦੋਂ ਤਕ ਹੋਸ਼ ਆਉਂਦੀ ਕੁਝ ਨਹੀਂ ਬਚਦਾ ਸੰਭਾਲਣ ਨੂੰ,
ਪਤਾ ਮੁੱਠੀ ‘ਚੋਂ ਕਿਰਦੀ ਰੇਤ ਦਾ ਛੇਤੀ ਨਹੀਂ ਲਗਦਾ।

ਘੜੀ ਵਿਚ ਨੁਕਸ ਹੈ ਜਾਂ ਵਕ਼ਤ ਹੀ ਬੇਵਕ਼ਤ ਹੋ ਚੱਲਿਆ,
ਸਵੇਰਾ ਹੋ ਗਿਆ ਪਰ ਦਿਨ ਤਾਂ ਚੜ੍ਹਿਆ ਹੀ ਨਹੀਂ ਲਗਦਾ।

ਛਿੜੇ ਜਦ ਕੰਬਣੀ ਖ਼ਾਬਾਂ ‘ਚ ਉਸ ਵੇਲੇ ਸਮਝ ਆਉਂਦੀ,
ਕਿ ਪਾਲ਼ਾ ਸਿਰਫ਼ ਖੁਲ੍ਹੀਆਂ ਬਾਰੀਆਂ ਵਿਚਦੀ ਨਹੀਂ ਲਗਦਾ।

ਸਨਮਾਨ

  • ਰਣਧੀਰ ਸਿੰਘ ਨਿਊਯਾਰਕ ਯਾਦਗਾਰੀ ਪੁਰਸਕਾਰ (ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਵਲੋਂ 15 ਮਾਰਚ 2012 ਨੂੰ )[4]
  • ਸਾਹਿਤ ਅਕਾਦਮੀ ਅਵਾਰਡ 2014 (ਗ਼ਜ਼ਲ ਸੰਗ੍ਰਿਹ ਅਗਰਬੱਤੀ ਲਈ)
  • ਸ਼ਰੋਮਣੀ ਪੰਜਾਬੀ ਸਾਹਿਤਕਾਰ 2012


ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ