ਚੌਂਦਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਚੌਂਦਾ (Chaunda) ਜ਼ਿਲ੍ਹਾ ਸੰਗਰੂਰ ਦਾ ਦੂਜਾ ਸਭ ਤੋ ਵੱਡਾ ਪਿੰਡ ਹੈ। ਇਹ ਮਲੇਰਕੋਟਲਾ ਤੋਂ 16.1 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ ਅਤੇ ਨਾਭਾ ਸ਼ਹਿਰ ਤੋਂ 21 ਕਿ ਮੀ ਤੇ ਹੈ। ਸੰਗਰੂਰ ਸ਼ਹਿਰ ਤੋਂ 35.8 ਕਿ ਮੀ ਦੂਰ ਹੈ। ਇਹ ਪ੍ਰਦੇਸ਼ ਰਾਜਧਾਨੀ ਸ਼ਹਿਰ ਚੰਡੀਗੜ ਤੋਂ 74 ਕਿਮੀ ਦੂਰ ਹੈ।[1] ਇਹ ਪਿੰਡ ਸੰਗਰੂਰ ਜ਼ਿਲੇ ਦੀ ਹੱਦ ਤੇ ਪੈ ਜਾਂਦਾ ਹੈ।ਇਸ ਪਿੰਡ ਦੀ ਹੱਦ ਨਾਲ ਜ਼ਿਲਾ ਪਟਿਆਲਾ ਦੀ ਹੱਦ ਲਗਦੀ ਏ ਅਤੇ ਦੂਜੇ ਪਾਸੇ ਜ਼ਿਲਾ ਫਤਹਿਗੜ੍ਹ ਅਤੇ ਜ਼ਿਲਾ ਲੁਧਿਆਣਾ ਦੀ ਹੱਦ ਵੀ ਲਗਦੀ ਹੈ।

ਪਿੰਡ ਚੌਂਦਾ ਚਾਰ ਪੱਤੀਆਂ ਵਿੱਚ ਵੰਡਿਆ ਹੋਇਆ ਹੈ। ਇਹਨਾ ਚਾਰ ਪੱਤੀਆਂ ਦੇ ਨਾਮ,ਡਾਲਾ ਪੱਤੀ,ਜੈਮਲ ਪੱਤੀ,ਸੱਜਾ ਪੱਤੀ ਅਤੇ ਭੇਖੋ ਪੱਤੀ ਹਨ। ਇਸ ਪਿੰਡ ਦੀ ਆਬਾਦੀ ਲਗਭਗ 15000 ਹੈ ਅਤੇ ਲਗਭਗ 3400 ਵੋਟ।

ਪਿੰਡ ਵਿੱਚ ਦੋ ਗੁਰੂਘਰ ਹਨ ਇਕ ਪਿੰਡ ਦੇ ਬਿਲਕੁਲ ਵਿਚਕਾਰ ਸਥਿਤ ਹੈ ਤੇ ਦੂਜਾ ਰਾਏਪੁਰ ਸੜਕ ਤੇ ਹੈ । ਇਸ ਪਿੰਡ ਵਿੱਚ ਮਸਜਿਦ ,ਰਵਿਦਾਸ ਜੀ ਦਾ ਮੰਦਿਰ, ਬਾਲਮੀਕ ਜੀ ਦਾ ਮੰਦਿਰ, ਸ੍ਰੀ ਕ੍ਰਿਸ਼ਨ ਜੀ ਦਾ ਮੰਦਿਰ ਤੇ ਸ਼ਿਵਜੀ ਮਹਾਰਾਜ ਜੀ ਦਾ ਮੰਦਿਰ ਵੀ ਹੈ। ਇਸ ਪਿੰਡ ਵਿਚ ਬਾਰਵੀਂ ਤੱਕ ਦਾ ਸਰਕਾਰੀ ਸਕੂਲ ਹੈ ਜਿਸ ਵਿੱਚ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਬੱਚੇ ਏਥੇ ਪੜ੍ਹਨ ਲਈ ਆਉਂਦੇ ਹਨ ਇਸਤੋਂ ਇਲਾਵਾ ਕਈ ਪ੍ਰਾਈਵੇਟ ਸਕੂਲ ਵੀ ਪਿੰਡ ਵਿੱਚ ਮੌਜੂਦ ਹਨ।

ਪਿੰਡ ਵਿੱਚ ਇੱਕ ਬਹੁਤ ਹੀ ਸੁੰਦਰ ਪਾਰਕ ਵੀ ਬਣਿਆ ਹੋਇਆ ਹੈ ਜੋ ਡਾਲਾ ਪੱਤੀ ਵਿੱਚ ਸਥਿਤ ਹੈ। ਪਿੰਡ ਵਿੱਚ ਹਰ ਤਰਾਂ ਦੀ ਸਹੂਲਤ ਮੌਜੂਦ ਹੈ ਫੇਰ ਚਾਹੇ ਉਹ ਸਰਕਾਰੀ ਬੈਂਕਾਂ ਹੋਣ ਜਾ ਪੈਟਰੋਲ ਪੰਪ, ਡੰਗਰਾਂ ਦਾ ਹਸਪਤਾਲ ,ਮੁਢਲੀ ਸਿਹਤ ਸਹਾਇਤਾ ਲਈ ਡਿਸਪੈਂਸਰੀ, ਤੇ ਕਈ ਸਰਕਾਰੀ ਡੀਪੂ ਵੀ ਮੌਜੂਦ ਹਨ।

ਇਸ ਪਿੰਡ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਂਹ ਪ੍ਰਾਪਤ ਹੈ ਅਤੇ ਇਸ ਪਿੰਡ ਵਿਚ ਗ੍ਰੀਬਦਾਸੀ ਭੂਰੀ ਵਾਲਿਆ ਦੀ ਕੁਟੀਆ ਹੈ ਜੋ ਸੰਤ ਮਹਾਰਾਜ ਬ੍ਰਹਮਾ ਸਾਗਰ ਜੀ ਦਾ ਤਪ ਅਸਥਾਨ ਵੀ ਹੈ। ਇਹ ਪਿੰਡ ਤੇ ਬਾਬਾ ਬਸੰਤ ਸਿੰਘ ਜੀ ਜੋ ਗਦਰੀ ਲਹਿਰ ਨਾਲ ਸੀ,ਓਹਨਾ ਕਰ ਕੇ ਵੀ ਮਸ਼ਹੂਰ ਹੈ। ਬਾਬਾ ਬਸੰਤ ਸਿੰਘ ਜੀ ਨੇ ਸੋਹਨ ਸਿੰਘ ਭਕਨਾ ਜੋ ਗਦਰੀ ਸਨ ਓਹਨਾ ਨਾਲ ਸ਼ਹੀਦੀ ਪਾਈ।

ਇਸੇ ਪਿੰਡ ਵਿੱਚ ਮਸ਼ਹੂਰ ਪੰਜਾਬੀ ਲੇਖਕ ਅਤੇ ਆਲੋਚਕ ਅਬਦੁਲ ਗਫ਼ੂਰ ਕੁਰੈਸ਼ੀ ਜੀ ਦਾ ਜਨਮ 22 ਅਪਰੈਲ 1922 ਨੂੰ ਹੋਇਆ ਜੋ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ ਸੀ ਅਤੇ ਪਾਕਿਸਤਾਨ ਚ ਹੀ ਓਹਨਾ ਨੇ ਆਪਣੀ ਪੁਸਤਕ 'ਪੰਜਾਬੀ ਜ਼ੁਬਾਨ ਦਾ ਅਦਬ ਤੇ ਤਾਰੀਖ (1956)' ਪ੍ਰਕਾਸ਼ਿਤ ਕੀਤੀ ਜੋ ਪੰਜਾਬੀ ਸਾਹਿਤਕਾਰਾਂ ਬਾਰੇ ਪਾਕਿਸਤਾਨ ਵਿੱਚ ਪ੍ਰਕਾਸ਼ਿਤ ਇਹ ਪਹਿਲੀ ਕਿਤਾਬ ਸੀ।

ਮਦਨ ਮੋਹਨ ਮਿੱਤਲ ਜੋ ਅਕਾਲੀ ਸਰਕਾਰ ਵਿੱਚ ਕਿਸੇ ਸਮੇਂ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਓਹਨਾ ਦਾ ਪਿਛੋਕੜ ਵੀ ਇਸੇ ਪਿੰਡ ਦਾ ਹੈ।

ਇਤਿਹਾਸ

ਇਸ ਤੋਂ ਇਲਾਵਾ ਪਿੰਡ ਦੇ ਪੁਰਾਣੇ ਬਜ਼ੁਰਗ ਦੱਸਦੇ ਸੀ ਕਿ ਬਹੁਤ ਸਮਾਂ ਪਹਿਲਾਂ ਪਿੰਡ ਵਿੱਚ ਇਕ ਲੋਧੀ ਨਾਮ ਦਾ ਬਜ਼ੁਰਗ ਸੀ ਉਸ ਕੋਲ ਇਕ ਬਹੁਤ ਹੀ ਵਧੀਆ ਨਸਲ ਦੀ ਘੋੜੀ ਹੁੰਦੀ ਸੀ। ਇਕ ਵਾਰ ਪਟਿਆਲਾ ਰਿਆਸਤ ਦਾ ਰਾਜਾ ਇਸ ਪਾਸੇ ਸ਼ਿਕਾਰ ਖੇਡਣ ਆਇਆ ਤੇ ਲੋਧੀ ਨਾਮ ਦੇ ਬਜ਼ੁਰਗ ਨੂੰ ਮਿਲਿਆ ਕਿਉਂਕਿ ਲੋਧੀ ਨਾਮ ਦਾ ਬਜ਼ੁਰਗ ਵੀ ਸ਼ਿਕਾਰ ਦਾ ਸ਼ੌਕੀਨ ਸੀ ।ਜਦੋਂ ਦੋਨੋ ਆਪਣੀਆਂ ਆਪਣੀਆਂ ਘੋੜੀਆਂ ਤੇ ਸ਼ਿਕਾਰ ਖੇਡਣ ਜੰਗਲ ਚ ਗਏ ਤਾਂ ਇਕ ਹਿਰਨ ਇਹਨਾਂ ਦੀਆਂ ਘੋੜੀਆਂ ਤੋਂ ਤੇਜ ਹੁੰਦਾ ਸੂਏ (ਛੋਟੀ ਨਹਿਰ) ਦੇ ਉੱਪਰ ਦੀ ਸਲਾਂਗ ਲਗਾ ਗਿਆ ਤੇ ਨਾਲ ਪਿੱਛੇ ਹੀ ਬਜ਼ੁਰਗ ਲੋਧੀ ਦੀ ਘੋੜੀ ਨੇ ਵੀ ਉਸਦੇ ਪਿੱਛੇ ਹੀ ਛਲਾਂਗ ਲਗਾ ਦਿੱਤੀ ਪਰ ਰਾਜੇ ਦੀ ਘੋੜੀ ਛਲਾਂਗ ਨਾ ਲਗਾ ਸਕੀ ਇਸਤੇ ਰਾਜੇ ਨੇ ਬਜ਼ੁਰਗ ਲੋਧੀ ਨੂੰ ਬੁਲਾ ਕੇ ਕਿਹਾ ਕਿ ਤੂੰ ਆਪਣੀ ਘੋੜੀ ਮੈਨੂੰ ਦੇ ਦੇ ਬਦਲੇ ਚ ਜੋ ਮਰਜੀ ਲੈ ਲਾ ਜਿੰਨੇ ਪਿੰਡ ਕਹੇ ਉਹ ਵੀ ਦੇ ਦੇਵਾਂਗਾ ਤੇ ਨਾਲ ਹੀ ਰਾਜੇ ਨੇ ਚਿਤਾਵਨੀ ਦਿੱਤੀ ਕਿ ਜੇ ਤੂੰ ਘੋੜੀ ਨਾ ਦਿੱਤੀ ਤਾਂ ਮੇਰੀ ਰਿਆਸਤ ਛੱਡ ਕਿਤੇ ਦੂਰ ਚਲਾ ਜਾ ਨਈ ਤਾਂ ਸਾਰੇ ਪਰਿਵਾਰ ਨੂੰ ਕੋਹਲੂ ਰਾਹੀਂ ਪੀੜ ਦੇਵਾਂਗਾ ।ਬਜ਼ੁਰਗ ਦੱਸਦੇ ਨੇ ਕੇ ਲੋਧੀ ਨੂੰ ਆਪਣੀ ਘੋੜੀ ਨਾਲ ਇਨ੍ਹਾਂ ਪਿਆਰ ਸੀ ਕਿ ਉਹ ਸਾਰੇ ਲਾਲਚ ਤੇ ਜਮੀਨਾਂ ਨੂੰ ਲੱਤ ਮਾਰ ਘਰ ਛੱਡ ਕਿਤੇ ਦੂਰ ਚਲਾ ਗਿਆ ਪਰ ਆਪਣੀ ਘੋੜੀ ਰਾਜੇ ਨੂੰ ਨਈ ਦਿੱਤੀ ।ਪਿੰਡ ਦੇ ਬਜ਼ੁਰਗਾਂ ਮੁਤਾਬਿਕ ਉਸਦੇ ਪਰਿਵਾਰ ਵਿੱਚੋਂ ਇਕ ਛੋਟਾ ਬੱਚਾ ਪਿੰਡ ਵਿੱਚ ਹੀ ਲੁਕਿਆ ਰਹਿ ਗਿਆ ਤੇ ਉਸ ਬੱਚੇ ਦਾ ਪਰਿਵਾਰ ਹੁਣ ਵੀ ਪਿੰਡ ਚ ਰਹਿੰਦਾ ਹੈ। ਉਸ ਬਜ਼ੁਰਗ ਲੋਧੀ ਨੇ ਹਰਿਦੁਆਰ ਤੇ ਪਾਰ ਆਪਣਾ ਇਕ ਪਿੰਡ ਵਸਾ ਲਿਆ ਜਿਸਦਾ ਨਾਮ ਉਸਨੇ 'ਚੋਂਦੀ' ਰੱਖਿਆ। ਪਿੰਡ ਦੇ ਪੁਰਾਣੇ ਬਜ਼ੁਰਗ ਉਸ ਲੋਧੀ ਬਜ਼ੁਰਗ ਤੇ ਅੱਜ ਵੀ ਬਹੁਤ ਮਾਣ ਕਰਦੇ ਨੇ।

ਕੁੱਲ ਮਿਲਾ ਕੇ ਪਿੰਡ ਚੌਦਾਂ ਇਕ ਬਹੁਤ ਹੀ ਪੁਰਾਣਾ ਤੇ ਇਤਿਹਾਸਕ ਨਗਰ ਹੈ ਜਿਥੇ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਸਾਂਝੇ ਤਿਓਹਾਰ ਮਨਾਉਂਦੇ ਹੋਏ ਖੁਸ਼ੀ ਖੁਸ਼ੀ ਜੀਵਨ ਬਤੀਤ ਕਰ ਰਹੇ ਹਨ।

ਹਵਾਲੇ

ਫਰਮਾ:ਹਵਾਲੇ