ਚਰਨ ਸਿੰਘ ਸਫ਼ਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਅਧਾਰ

ਚਰਨ ਸਿੰਘ ਸਫਰੀ


ਚਰਨ ਸਿੰਘ ਸਫਰੀ ਪੰਜਾਬ ਦਾ ਇੱਕੋ ਇੱਕ ਅਜਿਹਾ ਦਰਵੇਸ਼ ਗੀਤਕਾਰ ਸੀ ਜਿਸ ਨੂੰ ਧਾਰਮਿਕ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਚਰਨ ਸਿੰਘ ਸਫਰੀ ਨੇ ਸਿੱਖ ਇਤਿਹਾਸ ਵਿੱਚ ਦਰਜ ਸ਼ਹਾਦਤਾਂ ਨੂੰ ਆਪਣੇ ਵਿਵੇਕ ਦੀ ਤਾਕਤ ਨਾਲ ਲਿਖੇ ਗੀਤਾਂ ਰਾਹੀਂ ਲੋਕਾਂ ਦੇ ਰੂਬਰੂ ਕੀਤਾ। ਜਿਸ ਖੂਬਸੂਰਤੀ ਨਾਲ ਸਫਰੀ ਨੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਫਿਲਾਸਫੀ ਨੂੰ ਆਪਣੀਆਂ ਕਵਿਤਾਵਾਂ ਤੇ ਗੀਤਾਂ ਵਿੱਚ ਸਿੱਖੀ ਸਿਦਕ ਨਿਭਾਉਂਦੇ ਹੋਏ ਅਣਖੀ ਸ਼ਹੀਦਾਂ ਦੀਆਂ ਦਰਦਨਾਕ ਸ਼ਾਖੀਆਂ ਨੂੰ ਪੇਸ਼ ਕੀਤਾ, ਉਸ ਦੀ ਮਿਸਾਲ ਹੋਰ ਕਿਸੇ ਕਵੀ ਵਿੱਚ ਨਹੀਂ ਮਿਲਦੀ।

ਸਫਰੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੇ ਪਰਉਪਕਾਰਾਂ, ਕਲਯੁੱਗ ਦੇ ਪ੍ਰਭਾਵਾਂ ਹੇਠ ਸੜਦੇ ਜਗਤ ਨੂੰ ਅਕਾਲ ਪੁਰਖ ਦੀ ਉਪਾਸਨਾ ਦਾ ਸੰਦੇਸ਼ ਦੇਣ, ਨਾਮ ਜਪਣ- ਵੰਡ ਛਕਣ, ਹੱਕ-ਹਲਾਲ ਦੀ ਕਿਰਤ ਕਰਨ ਅਤੇ ਲੋਕ ਸੇਵਾ ਦੇ ਸਿੱਖ ਧਰਮ ਦੇ ਬੁਨਿਆਦੀ ਅਸੂਲਾਂ, ਮਾਨਵ ਧਰਮ ਦੀ ਰੱਖਿਆ ਲਈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, ਗੁਰੂ ਤੇਗ ਬਹਾਦਰ ਜੀ ਦੀ ਅਲੌਕਿਕ ਤੇ ਅਦੁੱਤੀ ਸ਼ਹਾਦਤ, ਗੁਰੂ ਗਬਿੰਦ ਸਿੰਘ ਜੀ ਦੇ ਅਨੇਕ ਬਲੀਦਾਨਾਂ, ਸਾਹਿਬਜਾਦਿਆਂ ਦੀਆਂ ਬੇਮਿਸਾਲ ਸ਼ਹੀਦੀਆਂ, ਦੀਵਾਰਾਂ ‘ਚ ਚਿਣੇ ਜਾਣ ਦੇ ਸਾਕਾ ਸਰਹੰਦ, ਮਾਤਾ ਗੁਜਰੀ ਦੇ ਮੁਗਲ ਹਕੂਮਤ ਦੀ ਕੈਦ ਵਿੱਚ ਖਿੜੇ ਮੱਥੇ ਅਸਹਿ ਤਸੀਹੇ ਸਹਾਰਨ ਦੀ ਪ੍ਰਬਲ ਸ਼ਕਤੀ, ਆਰਿਆਂ ਨਾਲ ਚੀਰੇ ਜਾਣ, ਬੰਦ-ਬੰਦ ਕਟਵਾਉਣ, ਖੋਪੜੀਆਂ ਲਹਾਉਣ, ਉਬਲਦੀਆਂ ਦੇਗਾਂ ਵਿੱਚ ਉਬਲਦੇ ਸਿੱਖੀ ਸਿਦਕ ਨਿਭਾਉਣ ਬਾਰੇ, ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾਕੇ ਝੋਲੀਆਂ ’ਚ ਪੁਵਾਉਣ ਵਾਲੀਆਂ ਬਹਾਦਰ ਸਿੰਘਣੀਆਂ ਦੇ ਸਿੱਖੀ ਸਿਦਕ ਬਾਰੇ ਅਤੇ ਅਨੇਕਾਂ ਤੀਰਾਂ ਤੇ ਗੋਲੀਆਂ ਨੂੰ ਆਪਣੀਆਂ ਛਾਤੀਆਂ ’ਤੇ ਖਾਣ ਵਾਲੇ ਅਨੇਕਾਂ ਸਿੰਘਾਂ ਦੇ ਸ਼ਹੀਦੀ ਜਾਮ ਨੂੰ ਜਿਸ ਜਜ਼ਬੇ ਤੇ ਦ੍ਰਿੜਤਾ ਨਾਲ ਸਫਰੀ ਨੇ ਆਪਣੀਆਂ ਰਚਨਾਵਾਂ ਰਾਹੀ ਸਾਕਾਰ ਕੀਤਾ ਹੈ, ਉਸ ਲਈ ਸਮੂਹ ਸਿੱਖ ਜਗਤ ਉਨ੍ਹਾਂ ਦੀ ਕਲਮ ਦਾ ਸਦਾ ਸਤਿਕਾਰ ਕਰਦਾ ਰਹੇਗਾ।

1995 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਰਾਜ ਕਵੀ ਦੀ ਉਪਾਧੀ ਨਾਲ ਨਿਵਾਜਿਆ। ਇਸ ਤੋਂ ਇਲਾਵਾ ਪੰਜਾਬ, ਭਾਰਤ, ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਪਾਕਿਸਤਾਨ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ ਅਨੇਕਾਂ ਉਪਾਧੀਆਂ ਨਾਲ ਸਨਮਾਨਿਆ ਗਿਆ।

ਚਰਨ ਸਿੰਘ ਸਫਰੀ ਦਾ ਦਸੂਹਾ ਦੇ ਇਤਿਹਾਸਕ ਪਿੰਡ ਬੋਦਲ ਵਿਖੇ 5 ਅਪਰੈਲ 1918 ਨੂੰ ਮਾਤਾ ਇੰਦੀ ਅਤੇ ਪਿਤਾ ਲਾਭ ਸਿੰਘ ਦੇ ਘਰ ਜਨਮ ਹੋਇਆ। ਛੋਟੀ ਉਮਰ ਵਿੱਚ ਹੀ ਉਸ ਨੂੰ ਸਿੱਖ ਧਰਮ ਨਾਲ ਸਬੰਧਿਤ ਸਾਖੀਆਂ ਸੁਣਨ ਦਾ ਸ਼ੌਕ ਸੀ। ਸਿੱਖ ਗੁਰੂਆਂ ਤੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਦੀਆਂ ਸਾਖੀਆਂ ਨੇ ਉਸ ਦੇ ਜੀਵਨ ’ਤੇ ਗਹਿਰਾ ਅਸਰ ਪਾਇਆ ਜੋ ਬਾਅਦ ਵਿੱਚ ਸਫਰੀ ਦੇ ਗੀਤਾਂ ਵਿੱਚ ਪ੍ਰਤੱਖ ਰੂਪ ਵਿੱਚ ਦਿਖਾਈ ਦਿੱਤਾ। ਸਫਰੀ ਦਾ ਵਿਆਹ ਮਾਤਾ ਮੋਹਣ ਕੌਰ ਨਾਲ ਹੋਇਆ ਜੋ ਇਸ ਵਕਤ ਆਪਣੇ ਦੋਹਤੇ ਸੁੱਖਜੀਵਨ ਸਿੰਘ ਕੋਲ ਦਸੂਹੇ ਰਹਿ ਰਹੇ ਹਨ। ਸਫਰੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬਤੌਰ ਕਲਰਕ ਦੀ ਨੌਕਰੀ ਕੀਤੀ ਜਿੱਥੇ ਉਸ ਦੀ ਮੁਲਾਕਾਤ ਪੰਜਾਬੀ ਸ਼ਾਇਰ ਬਲਦੇਵ ਚੰਦਰ ਬੇਕਲ ਜੋ ਲਾਲਾ ਧਨੀ ਰਾਮ ਚਾਤ੍ਰਿਕ ਦੇ ਭਾਣਜੇ ਸਨ, ਨਾਲ ਹੋਈ। ਉਨ੍ਹਾਂ ਤੋਂ ਹੀ ਸਫਰੀ ਨੇ ਧਾਰਮਿਕ ਗੀਤ ਲਿਖਣ ਦੀ ਮੁਹਾਰਤ ਹਾਸਲ ਕੀਤੀ। ਕੁਝ ਸਮੇਂ ਲਈ ਸਫਰੀ ਨੇ ਭਾਰਤੀ ਫ਼ੌਜ ਵਿੱਚ ਵੀ ਨੌਕਰੀ ਕੀਤੀ, ਪਰ ਛੇਤੀ ਹੀ ਉਸ ਖੇਤਰ ਵਿੱਚੋਂ ਸਿੱਖਿਆ ਵਿਭਾਗ ਵਿੱਚ ਆ ਗਏ ਅਤੇ ਖਾਲਸਾ ਹਿੱਲ (ਹਾਇਰ) ਸੈਕੰਡਰੀ ਸਕੂਲ ਦਸੂਹਾ ਵਿਖੇ ਬਤੌਰ ਪੰਜਾਬੀ ਅਧਿਆਪਕ ਸੇਵਾ ਨਿਭਾਈ। ਸਫਰੀ ਦੇ ਧਾਰਮਿਕ ਗੀਤਾਂ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਗਾਇਕਾਵਾਂ ਨੇ ਗਾਇਆ ਜਿਨ੍ਹਾਂ ਵਿੱਚ ਮਰਹੂਮ ਬੀਬੀ ਨਰਿੰਦਰ ਬੀਬਾ (ਸਾਕਾ ਸਰਹੰਦ) ਪ੍ਰੋ. ਸਰੂਪ ਸਿੰਘ ਸਰੂਪ, ਬੀਬੀ ਊਸ਼ਾ ਰਾਣੀ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਅਮਰ ਨੂਰੀ, ਦੇਬੀ ਮਕਸੂਸਪੁਰੀ, ਬੀਬੀ ਸਰਬਜੀਤ ਕੌਰ, ਕਰਤਾਰ ਅਰੋੜਾ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਜਗਮੋਹਨ ਕੌਰ, ਕ੍ਰਿਪਾਲ ਸਿੰਘ ਪਾਲ, ਸੁਰਿੰਦਰ ਰਮਤਾ, ਮਾਸਟਰ ਸਲੀਮ, ਸੁਰਿੰਦਰ ਲਾਡੀ, ਨਰਿੰਦਰ ਮਾਵੀ (ਕੈਨੇਡਾ), ਰਾਏ ਜੁਝਾਰ, ਅਵਤਾਰ ਸਿੰਘ ਤਾਰੀ, ਰਸ਼ਪਾਲ ਸਿੰਘ ਪਾਲ ਆਦਿ ਸ਼ਾਮਲ ਹਨ। ਸਫਰੀ ਦੇ ਸਮਕਾਲੀ ਕਵੀਆਂ ਵਿੱਚ ਨੰਦ ਲਾਲ ਨੂਰਪੁਰੀ, ਵਿਧਾਤਾ ਸਿੰਘ ਤੀਰ, ਫਿਰੋਜ਼ਦੀਨ ਸ਼ਰਫ, ਕਰਤਾਰ ਸਿੰਘ ਬਲੱਗਣ, ਪ੍ਰੀਤਮ ਸਿੰਘ ਕਾਸਦ, ਬਲਵੰਤ ਸਿੰਘ ਨਿਰਵੈਰ, ਰਾਮ ਨਰਾਇਣ ਸਿੰਘ ਦਰਦੀ, ਮੁਜ਼ਰਿਮ ਦਸੂਹੀ, ਜੀਵਨ ਸਿੰਘ ਤੇਜ਼, ਸਾਧੂ ਸਿੰਘ ਦਰਦ, ਸੰਤੋਖ ਸਿੰਘ ਸਫਰੀ, ਪੂਰਨ ਸਿਘ ਜੋਸ਼, ਚੰਨਣ ਸਿੰਘ, ਚਮਨ ਹਰਗੋਬਿੰਦਪੁਰੀ ਆਦਿ ਨੇ ਸਾਥ ਨਿਭਾਇਆ। ਸਫ਼ਰੀ ਦੇ ਸ਼ਾਗਿਰਦਾਂ ਵਿੱਚ ਸਨਮੁੱਖ ਸਿੰਘ ਆਜ਼ਾਦ, ਚੈਨ ਸਿੰਘ ਚੱਕਰਵਰਤੀ, ਸੁੱਖਜੀਤ ਝਾਸਾਂ ਵਾਲਾ, ਰਾਣਾ ਭੋਗਪੁਰੀਆ, ਕਾਜਲ ਧੂਤਾਂਵਾਲਾ, ਜਸਵੀਰ ਕੁੱਲੀਆ ਵਾਲਾ, ਦੀਪਾ ਉਮਰਪੁਰੀਆ, ਕਾਜਲ ਜੰਡੋਰ ਵਾਲਾ ਦੇ ਨਾਂਅ ਜ਼ਿਕਰਯੋਗ ਹਨ। ਸਫਰੀ ਦਾ 5 ਜਨਵਰੀ, 2006 ਵਿੱਚ ਦੇਹਾਂਤ ਹੋ ਗਿਆ। ਸੰਤ ਬਾਬਾ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵਾਲਿਆਂ ਵੱਲੋਂ ਹਰ ਸਾਲ 7 ਜਨਵਰੀ ਨੂੰ ਦਸੂਹਾ ਕਹਿਰਵਾਲੀ ਵਿਖੇ ਇਸ ਮਹਾਨ ਕਵੀ ਦੀ ਬਰਸੀ ਮੌਕੇ ਕਵੀ ਦਰਬਾਰ ਕਰਵਾਇਆ ਜਾਂਦਾ ਹੈ।

ਹਵਾਲੇ

News paper Punjabi Tribune