Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਹਾਫ਼ਿਜ਼ ਬਰਖ਼ੁਰਦਾਰ

ਭਾਰਤਪੀਡੀਆ ਤੋਂ

ਹਾਫ਼ਿਜ ਬਰਖ਼ੁਰਦਾਰ ਸਤ੍ਹਾਰਵੀ ਸਦੀ ਦਾ ਪ੍ਰਸਿੱਧ ਕਿੱਸਾਕਾਰ ਕਵੀ ਸੀ।

ਜੀਵਨ ਯਾਤਰਾ

ਹਾਫ਼ਿਜ ਬਰਖ਼ੁਰਦਾਰ ਦਾ ਜਨਮ ਮੁਸਲਮਾਨੀ ਪਿੰਡ ਜੋ ਤਖਤ ਹਜ਼ਾਰੇ ਦੇ ਨੇੜੇ ਵਿੱਚ 1030 ਹਿਜਰੀ ਦੇ ਨੇੜੇ ਹੋਇਆ। ਉਹ ਲਾਹੌਰ ਖੇਤਰ ਦੇ ਪਰਗਨਾ ਚੀਮਾ ਚੱਠਾ ਦਾ ਵਸਨੀਕ ਸੀ।[1] ਹਾਫਿਜ਼ ਕੌਮ ਦਾ ਜੱਟ ਰਾਂਝਾ ਉਪਨਾਮ (ਤਖਲਸ) ਸੀ। ਪੀਲੂ ਤੋਂ ਪਿੱਛੋਂ ਉੱਘਾ ਕਿੱਸਾਕਾਰ ਹਾਫ਼ਿਜ ਬਰਖ਼ੁਰਦਾਰ ਮੰਨਿਆ ਜਾਂਦਾ ਹੈ। ਇਹ ਔਰਗੰਜੇਬ ਦਾ ਸਮਕਾਲੀ ਸੀ। ਮੁੱਢਲੀ ਵਿੱਦਿਆ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਜਵਾਨ ਹੋਣ ਉਪਰ ਲਾਹੌਰ ਆ ਗਿਆ। ਇਥੇ ਵੀ ਹਵਾ ਰਾਸ ਨਾ ਆਈ। ਇੱਥੋਂ ਸਿਆਲਕੋਟ ਚਲਾ ਗਿਆ। ਅਖੀਰ ਉਮਰ ਤਕ ਉਥੇ ਹੀ ਰਿਹਾ। ਉਸਦੀ ਕਬਰ ਪਿੰਡ ਚਿੱਟੀ ਸ਼ੇਖਾਂ ਸਿਆਲਕੋਟ ਤੋਂ ਚਾਰ ਮੀਲ ਦੂਰ ਵਿੱਚ ਮੌਜੂਦ ਹੈ। ‘ਮੀਆਂ ਮੁਹੰਮਦ ਬਖ਼ਸ਼ ਲਿਖਦਾ ਹੈ।[2] “ਹਾਫਿਜ਼ ਬਰਖ਼ੁਰਦਾਰ ਮੁਸੱਨਿਫ, ਗੋਰ ਜਿਨ੍ਹਾਂ ਦੀ ਚਿੱਟੀ ਹਰ ਹਰ ਬੈਂਤ ਉਹਦਾ ਭੀ ਡਿੱਠਾ ਜਿਉਂ ਮਿਸਰੀ ਦੀ ਖਿਟੀ।। (ਚਿੱਟੀ ਤੋਂ ਭਾਵ ਚਿੱਟੀ ਸ਼ੇਖਾਂ ਸਿਆਲਕੋਟ ਤੋਂ ਹੈ।) ਬਰਖ਼ੁਰਦਾਰ ਕੁਰਾਨ ਮਜੀਦ ਦਾ ਹਾਫਿ਼ਜ਼ ਸੀ ਇਸੇ ਲਈ ਉਹ ਹਾਫਿ਼ਜ਼ ਬਰਖ਼ੁਰਦਾਰ ਕਰਕੇ ਮਸ਼ਹੂਰ ਹੋ ਗਿਆ। ਉਹ ਫ਼ਾਰਸੀ ਦਾ ਵਿਦਵਾਨ ਸੀ। ਸਾਰੀ ਉਮਰ ਲੋਕਾਂ ਨੂੰ ਪੜ੍ਹਾਉਣ ਵਾਅਜ ਕਰਨ ਤੇ ਕਵਿਤਾ ਕਹਿਣ ਵਿੱਚ ਲੰਘੀ। ਪੜ੍ਹਾਉਣ ਦੇ ਨਾਲ-ਨਾਲ ਉਹ ਧਾਰਮਿਕ ਵਿਸ਼ਿਆਂ ਉੱਤੇ ਭਾਸ਼ਣ ਦਿੰਦਾ ਸੀ। ਵਿਹਲ ਵੇਲੇ ਸੱਚੇ ਪ੍ਰੇਮ ਦੇ ਕਿੱਸੇ ਲਿਖਣ ਵਿੱਚ ਵੀ ਰੁਚੀ ਰਖਦਾ ਸੀ।[3]” ਉਸ ਦੇ ਤਿੰਨ ਕਿੱਸੇ (ਸੱਸੀ ਪੁੰਨੂੰ, ਮਿਰਜ਼ਾ ਸਾਹਿਬਾ ਤੇ ਯੂਸਫ ਜੁਲੈਖਾ) ਲਿਖੇ ਦੱਸੇ ਜਾਂਦੇ ਹਨ। ਹਾਫ਼ਿਜ ਬਰਖ਼ੁਰਦਾਰ ਦੇ ਨਾਮ ਅਧੀਨ ਹੋਰ ਰਚਨਾਵਾਂ ਵੀ ਦੱਸੀਆਂ ਜਾਂਦੀਆਂ ਹਨ ਜਿੰਨ੍ਹਾਂ ਵਿੱਚ ਧਾਰਮਿਕ ਇਸਲਾਮੀ ਬਾਰਾਮਾਂਹ ਆਦਿ ਸ਼ਾਮਲ ਹਨ।

ਰਚਨਾਵਾਂ

ਹਾਫਿ਼ਜ਼ ਦੇ ਨਾਂ ਨਾਲ ਤਿੰਨ ਕਿੱਸਿਆਂ (ਮਿਰਜ਼ਾ-ਸਾਹਿਬਾਂ, ਸੱਸੀ ਪੁੰਨੂੰ ਅਤੇ ਯੂਸਫ-ਜ਼ੁਲੈਖਾਂ) ਤੋਂ ਇਲਾਵਾਂ ਕੁੱਝ ਧਾਰਮਿਕ ਰਚਨਾਵਾਂ ਪ੍ਰਸਿੱਧ ਹਨ। ਹਾਫਿ਼ਜ਼ ਨੇ ਜਵਾਨੀ ਵਿੱਚ ਮਿਰਜ਼ਾ-ਸਾਹਿਬਾਂ ਅਤੇੇ ਸੱਸੀ-ਪੁੰਨੂੰ ਦੇ ਕਿੱਸੇ ਲਿਖੇ। ਧਾਰਮਿਕ ਰਚਨਾਵਾਂ ਢਲਦੀ ਉਮਰ ਵਿੱਚ ਲਿਖੀਆਂ। ਧਾਰਮਿਕ ਰਚਨਾਵਾਂ ਵਿੱਚ ‘ਫਰਾਇਜ਼ੀ ਹਿੰਦੀ` ਅਤੇ ‘ਅਨਤਾਇ-ਹਾਫਿ਼ਜ਼ ਬਰਖ਼ੁਰਦਾਰ` ਬਹੁਤ ਮਹੱਤਵਪੂਰਨ ਹਨ। ‘ਰਸਾਲਾ ਪੰਜਾਬੀ ਦਰਬਾਰ’ ਵਿੱਚ ਕਾਜ਼ੀ ਫਜ਼ਲ ਹੱਕ ਨੇ ਆਪਣੇ ਇੱਕ ਲੇਖ ਵਿੱਚ ਕਾਵਿ-ਸੰਗ੍ਰਹਿ ਸੀ। ਜੋ ਅਰਬੀ-ਫ਼ਾਰਸੀ ਦੇ ਚੋਖੇ ਪ੍ਰਭਾਵ ਸਾਹਿਤ ਲਿਖੀਆਂ ਨਿੱਕੀਆਂ ਵੱਡੀਆਂ ਪੰਜਾਬੀ ਕਵਿਤਾਵਾਂ ਦਾ ਸੰਕਲਨ ਸੀ। ਇਹ ਸਾਰੀਆਂ ਰਚਨਾਵਾਂ ਸੰਨ 1080 ਤੋਂ 1090 ਹਿਜਰੀ ਦੌਰਾਨ ਲਿਖੀਆਂ ਗਈਆਂ ਸਨ[4]। ਹਾਫਿ਼ਜ਼ ਬਰਖ਼ੁਰਦਾਰ ਦੇ ਨਾਂ ਤੇ ਤਿੰਨ ਸੀ ਹਰਫ਼ੀਆਂ ਦੇ ਲਿਖੇ ਹੋਣ ਦਾ ਸੰਕੇਤ ਭਾਸ਼ਾ ਵਿਭਾਗ, ਪੰਜਾਬ ਕੋਲ ਸੁਰਖਿਅਤ ਇੱਕ ਹੱਥ ਲਿਖਤ (ਅੰਕ 185) ਵਿੱਚ ਮਿਲਦਾ ਹੈ। ਸੀਹਰਫ਼ੀਆਂ ਤੋਂ ਇਲਾਵਾ ਹਾਫਿ਼ਜ਼ ਦਾ ਰਚਿਆ ਇੱਕ ‘ਬਾਰਹਮਾਹ’ ਹੈ। ਜਿਸ ਵਿੱਚ ਨਾਇਕਾ ਦਾ ਵਿਯੋਗ ਵਰਣਨ ਕੀਤਾ ਗਿਆ ਹੈ। ਇਹ ਬਾਰਹਮਾਹ ਪਿਆਰਾ ਸਿੰਘ ਪਦਮ ਨੇ ਪੁਰਾਤਤਵ ਵਿਭਾਗ ਦੀ ਕਿਸੇ ਹੱਥ ਲਿਖਤ ਤੋਂ ਨਕਲ ਕਰਕੇ ਅਪ੍ਰੈਲ 1957 ਦੀ ‘ਆਲੋਚਨਾ’ ਪਤ੍ਰਿਕਾ ਵਿੱਚ ਪ੍ਰਕਾਸ਼ਿਤ ਕੀਤਾ ਸੀ। ਪੰਜਾਬੀ ਕਾਵਿ-ਜਗਤ ਵਿੱਚ ਹਾਫਿ਼ਜ਼ ਬਰਖ਼ੁਰਦਾਰ ਦੀ ਪ੍ਰਸਿੱਧੀ ਉਸਦੇ ਤਿੰਨ ਕਿੱਸਿਆਂ ਕਰਕੇ ਹੈ ਅਤੇ ਇਨ੍ਹਾਂ ਦੀ ਰਚਨਾ-ਵਿਸ਼ਿਸ਼ਟਤਾ ਦੇ ਆਧਾਰ ’ਤੇ ਉਸਨੂੰ ਮੋਢੀ ਕਿੱਸਾਕਾਰਾਂ ਵਿੱਚ ਗਿਣਿਆ ਜਾਂਦਾ ਹੈ[5]

ਸੱਸੀ ਪੁੰਨੂੰ

ਇਹ ਕਿੱਸਾ ਪਹਿਲੀ ਵਾਰ ਹਾਫਿਜ਼ ਦੀ ਕਲਮ ਨਾਲ ਹੀ ਪੰਜਾਬੀ ਵਿੱਚ ਜੜ੍ਹਾਂ ਫੜਦਾ ਹੈ। ਹਾਸ਼ਮ ਦਾ ਅੰਦਾਜ਼ ਭਾਵੇਂ ਇਸ ਤੋਂ ਵੱਖਰਾ ਤੇ ਰਮਜ਼ ਡੂੰਘੀ ਹੈ। ਪਰ ਸਰਲ ਤੇ ਠੇਠ ਭਾਸ਼ਾ ਵਿੱਚ ਲੋਕ ਉਕਤੀਆਂ ਨੂੰ ਲਿਖ ਸਕਣ ਦਾ ਸੇਹਰਾ ਹਾਫ਼ਿਜ ਬਰਖ਼ੁਰਦਾਰ ਨੂੰ ਹੀ ਪ੍ਰਾਪਤ ਹੋਇਆ ਹੈ। ਉਸ ਦੇ ਅਜਿਹੇ ਕਥਨ ਕਈ ਵਾਰ ਲੋਕ ਸ਼ੈਲੀ ਦੇ ਪੱਖ ਤੋਂ ਉਸ ਨੂੰ ਉਸਤਾਦ ਕਵੀ ਸਿੱਧ ਕਰਦੇ ਹਨ। ਹਾਫ਼ਿਜ ਬਰਖ਼ੁਰਦਾਰ ਦਾ ਸੱਸੀ ਪੁੰਨੂੰ ਕਿੱਸਾ ਇਸ ਪ੍ਰਕਾਰ ਹੈ:- ਆਦਮ ਜਾਮ ਦੇ ਘਰ ਕੋਈ ਅੋਲਾਦ ਨਹੀਂ ਸੀ। ਪਰ ਜਦ ਰੱਬ ਦੀ ਮਿਹਰਵਾਨੀ ਨਾਲ ਉਸ ਦੀ ਪਤਨੀ ਗਰਭਵਤੀ ਹੋਈ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ ਪਰ ਜੋਤਸੀਆਂ ਨੇ ਸੱਕ ਪਾ ਦਿੱਤਾ ਕਿ ਸੱਸੀ ਜਵਾਨ ਹੋਣ ਤੇ ਮਨਹੂਸ ਸਾਬਤ ਹੋਵੇਗੀ। ਸੱਸੀ ਨੂੰ ਇੱਕ ਸੰਦੂਕ ਵਿੱਚ ਪਾ ਕੇ ਜੰਮਦਿਆਂ ਹੀ ਦਰਿਆ ਵਿੱਚ ਰੋੜ ਦਿੱਤਾ ਗਿਆ। ਉਹ ਸੰਦੂਕ ਇੱਕ ਧੋਬੀ ਨੂੰ ਮਿਲਿਆ ਉਸ ਧੋਬੀ ਦੀ ਦੇਖ ਰੇਖ ਵਿੱਚ ਸੱਸੀ ਦਾ ਪਾਲਣ ਹੁੰਦਾ ਹੈ। ਸੱਸੀ ਦਾ ਸੰਯੋਗ ਪੁੰਨੂੰ ਨਾਲ ਹੁੰਦਾ ਹੈ ਜੋਤਸ਼ੀ ਦੱਸਦੇ ਨੇ ਕਿ ਸੱਸੀ ਦੇ ਦਿਲ ਵਿੱਚ ਪੁੰਨੂੰ ਲਈ ਪਿਆਰ ਜਾਗਦਾ ਹੈ। ਸੱਸੀ ਪੁੰਨੂੰ ਦੇ ਪਿਆਰ ਵਿੱਚ ਤੜਫਦੀ ਹੈ।

ਮਿਰਜ਼ਾ ਸਾਹਿਬਾ

ਜਿਵੇਂ ਕਿ ਪੰਜਾਬ ਵਿੱਚ ਹੀਰ ਰਾਂਝਾ ਦੀ ਕਹਾਣੀ ਪਹਿਲੇ ਨੰਬਰ ਤੇ ਪ੍ਰਸਿੱਧ ਹੈ ਉਸੇ ਤਰ੍ਹਾਂ ਹੀ ਮਿਰਜ਼ਾ ਸਾਹਿਬਾ ਦੀ ਕਹਾਣੀ ਦੂਜੇ ਦਰਜੇ ਤੇ ਮਸ਼ਹੂਰ ਹੈ। ਮਿਰਜ਼ਾ ਆਪਣੇ ਨਾਨਕੇ ਰਹਿੰਦਾ ਸੀ ਘਰ ਸਾਹਿਬਾ ਨਾਲ ਪੜ੍ਹਦਾ ਸੀ। ਸਾਹਿਬਾ ਮਿਰਜ਼ੇ ਦੇ ਮਾਮੇ ਦੀ ਧੀ ਸੀ। ਦੋਵਾਂ ਦਾ ਆਪਸ ਵਿੱਚ ਗੂੜਾ ਪਿਆਰ ਪੈ ਗਿਆ। ਮਿਰਜ਼ਾ ਸਾਹਿਬਾ ਨੂੰ ਘਰੋਂ ਉਧਾਲ ਕੇ ਲੈ ਗਿਆ। ਪਿੰਡੋਂ ਕੋਈ ਪੰਜ ਕੋਹਾਂ ਤੇ ਜੰਡ ਹੇਠਾ ਅਰਾਮ ਕਰਨ ਉਤਰੇ। ਮਿਰਜ਼ੇ ਨੂੰ ਨੀਂਦ ਆ ਗਈ ਅਤੇ ਮੋਂਤ ਦਾ ਮੂੰਹ ਦੇਖਣਾ ਪਿਆ। ਸਾਹਿਬਾ ਵੀ ਖੰਜਰ ਮਾਰ ਕੇ ਮਰ ਜਾਂਦੀ ਹੈ ਇੱਕ ਕੰਢੇ ਤੇ ਮਿਰਜ਼ੇ ਦੀ ਲੋਥ ਤੜਫਦੀ ਹੈ ਦੂਜੇ ਕੰਢੇ ਤੇ ਸਹਿਬਾ ਦੀ ਲੋਥ। ਇੰਝ ਇਹ ਕਹਾਣੀ ਮਿਰਜ਼ਾ ਸਾਹਿਬਾ ਪੀਲੂ ਕ੍ਰਿਤ ਤੋਂ ਵੱਖ ਹੈ। ਹਾਫਿ਼ਜ਼ ਬਰਖ਼ੁਰਦਾਰ ਨੇ ਆਪਣੇ ਕਿੱਸੇ ‘ਮਿਰਜ਼ਾ-ਸਾਹਿਬਾਂ` ਵਿੱਚ ਪੀਲੂ ਦੇ ਕਿੱਸੇ ‘ਮਿਰਜ਼ਾ-ਸਾਹਿਬਾਂ` ਦੀ ਬਹੁਤ ਉਸਤਤ ਕੀਤੀ ਹੈ ਅਤੇ ਉਹ ਉਸ ਤੋਂ ਇੱਨਾ ਪ੍ਰਭਾਵਿਤ ਹੋਇਆ ਹੈ ਕਿ ਉਸਨੇ ਕਈ ਪੰਕਤੀਆਂ ਇੰਨ ਬਿੰਨ ਜ਼ਰਾ ਜੇਹੇ ਵਾਧੇ ਘਾਟੇ ਨਾਲ ਆਪਣੇ ਕਿੱਸੇ ਵਿੱਚ ਵਰਤ ਲਈਆਂ ਹਨ। ਪੀਲੂ ਦੇ ਕਿੱਸੇ ਵਿੱਚ ਸਾਹਿਬਾਂ ਦੀ ਮੌਤ ਵਲ ਕੋਈ ਸੰਕੇਤ ਨਹੀਂ ਮਿਲਦਾ। ਪਰ ਹਾਫਿ਼ਜ਼ ਨੇ ਆਪਣੇ ਕਿੱਸੇ ਵਿੱਚ ਸਾਹਿਬਾਂ ਦੀ ਮੌਤ ਵੱਲ ਕੋਈ ਸੰਕੇਤ ਕੀਤਾ ਹੈ[6] ਜਿਸ ਨਾਲ ਉਸ ਦੇ ਕਿੱਸੇ ਵਿਚਲੀ ਕਹਾਣੀ ਪੀਲੂ ਦੇ ਕਿੱਸੇ ਤੋਂ ਵੱਖਰੀ ਹੋ ਗਈ ਹੈ।

ਯੂਸ਼ਫ ਜੁਲੈਖਾ

ਇਹ ਕਿੱਸਾ ਸਭ ਤੋਂ ਸੋਹਣਾ ਹੈ। ਯੂਸ਼ਫ ਦਾ ਕਿੱਸਾ ਕਵੀ ਨੇ 1090 ਹਿਜ਼ਰੀ ਵਿੱਚ ਲਿਖਿਆ ਸੀ। ਇਸ ਕਿੱਸੇ ਨੂੰ ਲਿਖੇ ਕੇ ਨਵਾਬ ਜਾ ਅਫਰ ਖਾਂ ਨੂੰ ਪੇਸ਼ ਕੀਤਾ ਸੀ। ਯੂਸ਼ਫ ਬਹੁਤ ਸੋਹਣਾ ਸੀ ਉਸ ਨੂੰ ਦੇਖ ਮਿਸਰ ਦੀਆਂ ਔਰਤਾਂ ਬੇਹਾਲ ਹੋ ਗਈਆਂ। ਮਿਸ਼ਰ ਦੀਆਂ ਔਰਤਾਂ ਨੂੰ ਆਪਣੀ ਸੁੰਦਰਤਾ ਤੇ ਮਾਣ ਤੇ ਹੰਕਾਰ ਸੀ ਉਹ ਜੁਲੈਖਾਂ ਨੂੰ ਬਹੁਤ ਸੋਹਣੀ ਮੰਨਦੀਆਂ ਸਨ ਕਿ ਯੂਸ਼ਫ ਕਿੰਨਾ ਸੋਹਣਾ ਹੈ ਜੋ ਤੂੰ ਉਸ ਤੇ ਆਸ਼ਕ ਹੋ ਗਈ ਹੈ। ਜੁਲੈਖਾਂ ਨੂੰ ਯੂਸਫ ਦਾ ਬਿਰਹੋਂ ਸਤਾਉਂਦਾ ਸੀ। ਉਸ ਨੂੰ ਸਮਾਜ ਪਾਗਲ ਕਹਿਣ ਲੱਗਾ ਅਤੇ ਉਸ ਦੇ ਮਾਂ-ਬਾਪ ਨੇ ਜੁਲੈਖਾ ਦੇ ਪੈਰਾਂ ਵਿੱਚ ਸੰਗਲ ਪਾ ਦਿੱਤੇ। ਜੁਲੈਖਾ ਬੁੱਢੀ ਹੋਣ ਤੇ ਯੂਸਫ ਨੂੰ ਮਿਲਦੀ ਹੈ। ਯੂਸਫ ਉਸ ਨੂੰ ਜਵਾਨ ਕਰ ਦਿੰਦਾ ਹੈ। ਯੂਸਫ ਤੇ ਜੁਲੈਖਾ ਦਾ ਆਪਸ ਵਿੱਚ ਵਿਆਹ ਹੋ ਜਾਂਦਾ ਹੈ। ਇਸ ਕਿੱਸੇ ਨੂੰ ਹਾਫ਼ਿਜ ਬਰਖ਼ੁਰਦਾਰ ਨੇ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ।

ਕਲਾ

ਹਾਫ਼ਿਜ ਬਰਖ਼ੁਰਦਾਰ ਨੇ ਯੂਸ਼ਫ ਜੁਲੈਖਾ ਤੇ ਸੱਸੀ ਪੁੰਨੂੰ ਬੈਤਾਂ ਵਿੱਚ ਲਿਖੇ। ਹਾਫਿਜ਼ ਪੰਜਾਬੀ ਬੋਲੀ ਤੇ ਕਾਫੀ ਵਿੱਚ ਅਬੂਰ ਰਖਦਾ ਸੀ। ਪੰਜਾਬੀ ਵਿੱਚ ਹਾਫਿਜ਼ ਬਰਖੁਰਦਾਰ ਦੇ ਵੇਲੇ ਤੱਕ ਫਾਰਸੀ ਅਰਬੀ ਸਬਦਾਵਲੀ ਕਾਫੀ ਮਿਲ ਚੁੱਕੀ ਸੀ। ਕਿਧਰੇ-ਕਿਧਰੇ ਹਿੰਦੀ ਬੋਲੀ ਦੀ ਮਿਲਾਵਟ ਵੀ ਨਜ਼ਰ ਆਉਂਦੀ ਹੈ[7]। ਹਾਫਿਜ਼ ਪੇਡੂ ਸ਼ਬਦ ਵਰਤਣ ਵਿੱਚ ਵੀ ਸੰਕੋਚ ਨਹੀਂ ਕਰਦਾ। ਉਸਨੇ ਹਿੰਦੀ ਸ਼ਬਦਾਵਲੀ ਦਾ ਪ੍ਰਯੋਗ ਕਰਕੇ ਆਪਣੀ ਸ਼ੈਲੀ ਨੂੰ ਬੇਮਿਸਾਲ ਬਣਾ ਦਿੱਤਾ ਹੈ। ਹਾਫਿ਼ਜ਼ ਨੇ ਆਪਣੇ ਕਿੱਸਿਆਂ ਵਿੱਚ ਕੁੱਝ ਐਸੇ ਚਿੰਨ੍ਹ, ਪ੍ਰਤੀਕ ਤੇ ਸੰਕੇਤ ਵਰਤੇ ਹਨ, ਜੋ ਲੌਕਿਕ ਹੁੰਦਿਆ ਹੋਇਆ ਵੀ ਅਲੌਕਿਕ ਨਜ਼ਰ ਆਉਂਦੇ ਹਨ। ਇਹਨਾਂ ਕਿੱਸਿਆ ਵਿੱਚ ਸ਼ਾਇਰ ਨੇ ਆਪਣੀ ਕਹਾਣੀ ਰੋਚਿਕ ਬਣਾਉਣ ਲਈ ਕੁੱਝ ਐਸੇ ਸੰਕੇਤ ਦਿੱਤੇ ਹਨ। ਜਿਨ੍ਹਾਂ ਵਿੱਚ ਅਲੌਕਿਕਤਾ ਉੱਘੜਦੀ ਹੈ, ਤੇ ਸ਼ੈਲੀ ਵਿੱਚ ਦਿਲਕਸ਼ੀ ਪੈਦਾ ਹੋ ਜਾਂਦੀ ਹੈ[8]

ਵਿਚਾਰਧਾਰਾ

ਹਾਫਿਜ਼ ਸੂਫੀ ਵਿਚਾਰਧਾਰਾ ਦਾ ਹਾਮੀ ਅਤੇ ਪ੍ਰਚਾਰਕ ਵੀ ਸੀ। ਇਸ ਲਾਮੀ ਵਿਚਾਰਧਾਰਾ ਦਾ ਪੈਰੋਕਾਰ ਸੀ ਤੇ ਸਰ੍ਹਾ ਦੇ ਸਿਧਾਤਾਂ ਤੇ ਅਸੂਲਾ ਤੋਂ ਭਲੀ ਪ੍ਰਕਾਰ ਜਾਣੂ ਸੀ, ਜਿੰਨਾ ਦਾ ਪ੍ਰਚਾਰਕ ਤੇ ਪ੍ਰਸਾਰ ਵੀ ਕਰਨਾ ਚਹੁੰਦਾ ਸੀ। ਹਾਫਿਜ਼ ਨੇ ਧਾਰਮਿਕ ਵਿਚਾਰਾ ਦਾ ਖੁੱਲ ਕੇ ਪ੍ਰਗਟਾ ਕੀਤਾ, ਪਰ ਪਿਆਰ ਜਜਬਿਆਂ ਨੂੰ ਜਾਹਰ ਕਰਨ ਲਈ ਪ੍ਰਤੀ ਕਹਾਣੀਆਂ ਨੂੰ ਮਾਧਿਅਮ ਬਣਾਇਆ ਹੈ। ਜਿੰਨਾ ਵਿੱਚ ਕੁਦਰਤੀ ਤੌਰ ਤੇ ਉਸ ਦੇ ਭਾਵਾਂ ਦਾ ਪ੍ਰਗਟਾ ਹੋਇਆ। ਹਾਫ਼ਜ ਨੇ ਪ੍ਰਮਾਤਮਾ ਦੀ ਇੱਛਾ ਨੂੰ ਲੋਕਾਂ ਤੱਕ ਪਹੁੰਚਾਇਆ ਹੇ ਹਾਫਿਜ਼ ਨੇ ਆਪਣੇ ਕਿੱਸਿਆਂ ਵਿੱਚ ਫਰਿਸ਼ਤਾ ਸ਼ਬਦ ਦੀ ਵਰਤੋਂ ਉਹਨਾਂ ਦੇ ਕੰਮਾਂ ਨੂੰ ਮੁੱਖ ਰੱਖ ਕੇ ਕੀਤੀ ਹੈ। ਫਰਮਾ:ਅੰਤਕਾ

  1. Dictionary of Punjabi Literature: A-L
  2. ਡਾ. ਜੀਤ ਸਿੰਘ ਸੀਤਲ, ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ ਆਦਿ ਕਾਲ, 1980, ਪੈਪਸੂ ਬੁੱਕ ਡਿਪੂ ਪਟਿਆਲਾ, 1979, ਪੰਨਾ 188
  3. ਡਾ. ਜੀਤ ਸਿੰਘ ਸੀਤਲ, ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ ਆਦਿ ਕਾਲ, 1980, ਪੈਪਸੂ ਬੁੱਕ ਡਿਪੂ ਪਟਿਆਲਾ, 1979, ਪੰਨਾ 189
  4. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸੋਰਤ-ਮੂਲਕ, ਇਤਿਹਾਸ ਭਾਗ ਤੀਜਾ, ਪੂਰਵ ਮੱਧਕਾਲ-ਮੱਧਕਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999, ਪੰਨਾ 271
  5. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸੋਰਤ-ਮੂਲਕ, ਇਤਿਹਾਸ ਭਾਗ ਤੀਜਾ, ਪੂਰਵ ਮੱਧਕਾਲ-ਮੱਧਕਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999, ਪੰਨਾ 272
  6. ਬਿਰਕਮ ਸਿੰਘ ਘੁੰਮਣ, ਪੰਜਾਬੀ ਕਿੱਸਾ-ਕਾਵਿ ਅਤੇ ਦੁਖਾਂਤ ਪਰੰਪਰਾ, ਮਾਡਲ ਟਾਊਨ ਐਕਸ ਟੈਨਸ਼ਨ, ਲੁਧਿਆਣਾ 1983, ਪੰਨਾ 100
  7. ਕਾਲਾ ਸਿੰਘ ਬੇਦੀ, ਹਾਫਿ਼ਜ਼ ਬਰਖ਼ੁਰਦਾਰ ਜੀਵਨ ਨੇ ਰਚਨਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1984, ਪੰਨਾ 106
  8. ਕਾਲਾ ਸਿੰਘ ਬੇਦੀ, ਹਾਫਿ਼ਜ਼ ਬਰਖ਼ੁਰਦਾਰ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1984, ਪੰਨਾ 86