ਡਾ. ਸੁਰਜੀਤ ਸਿੰਘ ਢਿੱਲੋਂ (6 ਮਈ 1932 - 24 ਜਨਵਰੀ 2020)[1] ਇੱਕ ਪੰਜਾਬੀ ਸਾਹਿਤਕਾਰ, ਲੇਖਕ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੀਵ ਵਿਗਿਆਨ ਵਿਭਾਗ ਦਾ ਬਾਨੀ ਸੀ। ਉਸ ਨੇ 106 ਖੋਜ-ਪੱਤਰ, ਜੀਵਾਂ ਬਾਰੇ ਦੋ ਮੋਨੋਗ੍ਰਾਫ, ਵਿਗਿਆਨ ਦੀਆਂ 9 ਪੁਸਤਕਾਂ ਅਤੇ ਕਈ ਹੋਰ ਅਹਿਮ ਲੇਖ ਲਿਖੇ।[2] ਡਾ. ਢਿੱਲੋਂ ਨੂੰ ਵਿਗਿਆਨ ਦੇ ਖੇਤਰ ਵਿੱਚ ਯੋਗਦਾਨ ਲਈ ਪੰਜਾਬ ਸਰਕਾਰ ਵੱਲੋਂ 1999 ਵਿੱਚ ਪੰਜਾਬ ਰਤਨ ਐਵਾਰਡ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2001 ਵਿੱਚ ਸ਼੍ਰੋਮਣੀ ਲੇਖਕ ਐਵਾਰਡ ਦੇ ਨਾਲ ਸਨਮਾਨਤ ਕੀਤਾ ਗਿਆ। ਉਹ ਅਕਸਰ ਪੰਜਾਬੀ ਵਿੱਚ ਰਚੀਮਿਚੀ ਉਰਦੂ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਸਨ। ਇਸ ਦਾ ਕਾਰਨ ਸ਼ਾਇਦ ਉਨ੍ਹਾਂ ਦੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹੋਣਾ ਹੋਵੇ। ਉਹ ਆਪਣੀ ਲਿਖਤ ਵਿੱਚ ਉਰਦੂ ਦੇ ਸ਼ਾਇਰਾਂ ਖ਼ਾਸ ਕਰਕੇ ਗਾਲਿਬ ਨੂੰ ਢੁੱਕਵੇਂ ਪ੍ਰਸੰਗਾਂ ਵਿੱਚ ਹਵਾਲੇ ਵਜੋਂ ਵਰਤਦੇ ਸਨ। ਉਹ ਆਪਣੀ ਲਿਖਤ ਵਿੱਚ ਵਿਗਿਆਨੀਆਂ ਤੋਂ ਇਲਾਵਾ ਪੱਛਮ ਦੇ ਵਿਗਿਆਨਵਾਦੀ ਦਾਰਸ਼ਨਿਕ ਖ਼ਾਸ ਕਰਕੇ ਬਰਟਰੰਡ ਰਸਲ ਅਤੇ ਬਰਨਾਰਡ ਸ਼ਾਹ ਨੂੰ ਵੀ ਗਾਹੇ ਬਗਾਹੇ ਵਰਤਦੇ ਹਨ। ਇਸ ਪ੍ਰਕਾਰ ਉਹ ਵਿਗਿਆਨ ਅਤੇ ਸਾਹਿਤ ਦਾ ਅਦੁੱਤੀ ਸੁਮੇਲ ਕਰਦੇ ਸਨ। ਉਨ੍ਹਾਂ ਦੀ ਲਿਖਤ ਵਿੱਚ ਵਿਗਿਆਨ ਦੀ ਸਹੀ ਤੱਥਗਤ ਜਾਣਕਾਰੀ,ਪਹਿਲੇ ਦਰਜੇ ਦੇ ਚਿੰਤਕਾਂ ਦੇ ਹਵਾਲੇ, ਸੰਜਮੀ ਬੌਧਿਕ ਭਾਸ਼ਾ ਦਾ ਪ੍ਰਯੋਗ ਆਦਿ ਅਹਿਮ ਲੱਛਣ ਹਨ।

ਸੁਰਜੀਤ ਸਿੰਘ ਢਿੱਲੋਂ ਦਾ ਜਨਮ 1932 ਵਿੱਚ ਪਿੰਡ ਟੱਲੇਵਾਲ, ਜ਼ਿਲ੍ਹਾ ਬਰਨਾਲਾ ਵਿੱਚ ਹੋਇਆ ਸੀ।

ਯੋਗਦਾਨ

ਉਹਨਾਂ ਦੇ ਬਹੁਤ ਸਾਰੇ ਲੇਖ ਪੰਜਾਬੀ ਟ੍ਰਿਬਿਊਨ ਵਿੱਚ ਛਪੇ ਹਨ। ਉਨ੍ਹਾਂ ਖੋਜ ਤੇ ਅਧਿਆਪਨ ਕਾਰਜਾਂ ਦੇ ਤੌਰ ਤੇ 106 ਕੌਮਾਂਤਰੀ ਪੱਧਰ ਦੇ ਪੇਪਰ ਅਤੇ 4 ਖੋਜ ਪ੍ਰਾਜੈਕਟ ਅਤੇ 16 ਵਿਦਿਆਰਥੀਆਂ ਨੂੰ ਪੀਐੱਚਡੀ ਪੱਧਰ ਦੀਆਂ ਡਿਗਰੀਆਂ ਲਈ ਅਗਵਾਈ ਦਿੱਤੀ। ਉਸ ਨੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਅਤੇ ਅੰਟਾਰਟਿਕ ਲਈ ਲੰਬੇ ਸਫ਼ਰ ਦੀਆਂ ਯਾਤਰਾਵਾਂ ਦੌਰਾਨ ਕੀਤੇ ਅਨੁਭਵਾਂ ਨੂੰ ਲਿਖਤੀ ਰੂਪ ਵਿੱਚ ਸਾਂਝਾ ਕੀਤਾ। ਇਸ ਤੋਂ ਇਲਾਵਾ 1996 ਤੋਂ 2011 ਤੱਕ ਵਿਗਿਆਨਕ ਪੱਤ੍ਰਿਕਾ ‘ਨਿਰੰਤਰ ਸੋਚ’ ਦੇ ਮੁੱਖ ਸੰਪਾਦਕ ਰਿਹਾ। ਇਸ ਕਾਰਜ ਦੌਰਾਨ ਉਸ ਨੇ ਪੰਜਾਬੀ ਸ਼ਬਦ ਘੜਨ ਤੇ ਸੰਵਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਮਾਂ-ਬੋਲੀ ਪੰਜਾਬੀ ਦੀ ਸ਼ਬਦਾਵਲੀ ਵਿੱਚ ਵਾਧਾ ਕੀਤਾ।[3]

ਜੀਵਨ ਦਰਸ਼ਨ

ਡਾ. ਸੁਰਜੀਤ ਸਿੰਘ ਢਿੱਲੋਂ ਨੇ ਵਿਗਿਆਨ ਸਭਿਆਚਾਰ ਦਾ ਨਿਵੇਕਲਾ ਖੇਤਰ ਚੁਣਿਆ। ਉਸ ਦੀ ਇਹ ਸਮਝ ਸੀ ਕਿ ਜਿਸ ਤਰ੍ਹਾਂ ਆਮ ਸ਼ਖ਼ਸ ਆਰਥਿਕਤਾ, ਰਾਜਨੀਤੀ, ਕਾਨੂੰਨ ਅਤੇ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਵਿੱਚ ਰੁਚੀ ਲੈਂਦੇ ਹਨ, ਉਸੇ ਤਰ੍ਹਾਂ ਵਿਗਿਆਨ ਆਧਾਰਤ ਗਿਆਨ ਦਾ ਭੰਡਾਰ ਲੋਕਾਂ ਦੀ ਜੀਵਨ ਜਾਚ ਦਾ ਹਿੱਸਾ ਹੋਣਾ ਚਾਹੀਦਾ ਹੈ ਕਿਉਂਕਿ ਭਰਮ ਅਤੇ ਅੰਧਵਿਸ਼ਵਾਸ ਕਈ ਪਾਸਿਆਂ ਤੋਂ ਮਨੁੱਖਤਾ ਨੂੰ ਘੇਰ ਕੇ ਰੱਖ ਰਹੇ ਹਨ। ਇਨ੍ਹਾਂ ਤੋਂ ਨਿਜਾਤ ਦਿਵਾਉਣ ਲਈ ਵਿਗਿਆਨਕ ਦ੍ਰਿਸ਼ਟੀਕੋਣ ਲਈ ਸਮਝਦਾਰੀ ਅਪਨਾਉਣ ਲਈ ਵਿਗਿਆਨ ਸਾਹਿਤ ਨੂੰ ਉਨ੍ਹਾਂ ਦੀ ਜੀਵਨ-ਜਾਚ ਦਾ ਹਿੱਸਾ ਬਣਾਇਆ ਜਾਵੇ।[3]

ਪ੍ਰਕਾਸ਼ਨਾਵਾਂ

  1. ਜੀਵਨ ਦਾ ਵਿਕਾਸ
  2. ਜੀਵਨ ਦਾ ਮੁੱਢ
  3. ਅਨੋਖੇ ਰਾਹਾਂ ਦੇ ਸਫਰ
  4. ਜੁਔਲੋਜੀ ਵਿਸ਼ਵ ਕੋਸ਼
  5. ਮਨੁੱਖ ਵਿਗਿਆਨ ਦੇ ਝਰੋਖੇ 'ਚੋਂ
  6. ਸਭਿਆਚਾਰ ਅਤੇ ਜੀਵਨ ਜਾਚ[1]
  7. ਅਨੋਖੇ ਰਾਹਾਂ ਦੇ ਸਫ਼ਰ ਐਂਟਾਰਕਟਿਕਾ
  8. ਯਾਦਾਂ ਅਲੀਗੜ੍ਹ ਦੀਆਂ

ਅਨੁਵਾਦ

  1. ਸਮੇਂ ਦੇ ਅੰਜਲੋਂ ਕਿਰੇ ਮੋਤੀ

ਹਵਾਲੇ

ਫਰਮਾ:ਹਵਾਲੇ

  1. 1.0 1.1 ਫਰਮਾ:Cite book
  2. ਸਾਹਿਤਕਾਰ ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ, ਪੰਜਾਬੀ ਟ੍ਰਿਬਿਊਨ - 7 ਜਨਵਰੀ 2013
  3. 3.0 3.1 ਡਾ. ਕੁਲਦੀਪ ਸਿੰਘ (2020-01-29). "ਵਿਗਿਆਨ ਦੀ ਦੁਨੀਆ ਅਤੇ ਡਾ. ਸੁਰਜੀਤ ਸਿੰਘ ਢਿੱਲੋਂ". Punjabi Tribune Online (in हिन्दी). Retrieved 2020-01-29.