ਬਾਵਾ ਬਲਵੰਤ (ਅਗਸਤ 1915 - 1972) ਇੱਕ ਪੰਜਾਬੀ ਸਾਹਿਤਕਾਰ ਅਤੇ ਮੁੱਖ ਤੌਰ ਉੱਤੇ ਕਵੀ ਸਨ।[2] ਬਾਵਾ ਬਲਵੰਤ ਨੇ ਪਹਿਲਾਂ ਉਰਦੂ ਵਿੱਚ ਸ਼ਾਇਰੀ ਲਿਖਣੀ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਵੱਲ ਆਏ।[2][3]

ਜਨਮ: 21 ਅਗਸਤ 1915
ਨੇਸ਼ਟਾ[1](ਹੁਣ ਜ਼ਿਲ੍ਹਾ ਅੰਮ੍ਰਿਤਸਰ), ਬਰਤਾਨਵੀ ਭਾਰਤ
ਮੌਤ:1972 (ਉਮਰ 56)
ਨਵੀਂ ਦਿੱਲੀ, ਭਾਰਤ
ਰਾਸ਼ਟਰੀਅਤਾ:ਹਿੰਦੁਸਤਾਨੀ
ਭਾਸ਼ਾ:ਪੰਜਾਬੀ

ਜੀਵਨ

ਬਾਵਾ ਬਲਵੰਤ ਦਾ ਜਨਮ ਅਗਸਤ 1915[2] ਨੂੰ ਪਿੰਡ ਨੇਸ਼ਟਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਾਤਾ ਗਿਆਨ ਦੇਈ ਤੇ ਹਕੀਮ ਠਾਕੁਰ ਦੀਨਾ ਨਾਥ ਦੇ ਘਰ ਹੋਇਆ।[4] ਉਸ ਦਾ ਜਨਮ ਵੇਲੇ ਦਾ ਨਾਮ ਮੰਗਲ ਸੈਨ ਸੀ। ਫਿਰ ਬਲਵੰਤ ਰਾਏ ਅਤੇ ਬਾਅਦ ਵਿੱਚ ਬਾਵਾ ਬਲਵੰਤ ਬਣਿਆ।[5] ਉਹਨਾਂ ਨੂੰ ਸਕੂਲ ਵਿੱਚ ਦਾਖ਼ਲ ਹੋ ਕੇ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਲਈ ਮੁੱਢਲੀ ਵਿੱਦਿਆ ਪਾਂਧੇ ਕੋਲ਼ੋ ਹੀ ਪ੍ਰਾਪਤ ਕੀਤੀ।[6] ਉਹਨਾਂ ਨੇ ਆਪਣੀ ਮਿਹਨਤ ਨਾਲ਼ ਸੰਸਕ੍ਰਿਤ, ਹਿੰਦੀ, ਉਰਦੂ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਵੀ ਸਿੱਖੀਆਂ ਅਤੇ ਫੇਰ ਭਾਰਤ ਅਤੇ ਸੰਸਾਰ ਦੇ ਮਹਾਨ ਸਾਹਿਤ ਦਾ ਅਧਿਐਨ ਕੀਤਾ। ਆਪ ਨੂੰ ਚਿੱਤਰ-ਕਲਾ ਵਿੱਚ ਵੀ ਬਹੁਤ ਦਿਲਚਸਪੀ ਸੀ। ਆਪਣੀਆਂ ਆਰਥਿਕ ਲੋੜਾਂ ਲਈ ਉਹਨਾਂ ਨੂੰ ਕਈ ਨਿੱਕੇ-ਨਿੱਕੇ ਕੰਮ ਕਰਨੇ ਪਏ। ਗੱਤੇ ਦੇ ਡੱਬੇ ਬਣਾਉਣ ਤੋਂ ਲੈ ਕੇ, ਲਫ਼ਾਫ਼ੇ ਬਣਾਉਣ, ਸੂਤ ਦੀ ਰੰਗਾਈ ਦਾ ਕੰਮ ਅਤੇ ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਕੀਤਾ ਪਰ ਉਹ ਕਿਸੇ ਵੀ ਕੰਮ ਵਿੱਚ ਆਪਣਾ ਪੂਰਾ ਧਿਆਨ ਨਾ ਲਾ ਸਕੇ ਕਿਉਂਕਿ ਕਵਿਤਾ ਲਿਖਣ ਤੇ ਸਾਹਿਤ ਪੜ੍ਹਨ ਦੇ ਸ਼ੌਕ ਨੇ ਉਹਨਾਂ ਦੀਆਂ ਰੁਚੀਆਂ ਨੂੰ ਇਸ ਕੰਮ ਦਾ ਰਾਹਗੀਰ ਨਹੀਂ ਬਣਨ ਦਿੱਤਾ।

ਜੀਵਨ ਸ਼ੈਲੀ

ਬਾਵਾ ਬਲਵੰਤ ਨੇ ਆਪਣੇ ਜੀਵਨ ਨਿਰਬਾਹ ਲਈ ਕਿਸੇ ਦੇ ਅੱਗੇ ਹੱਥ ਨਹੀਂ ਸੀ ਫੈਲਾਇਆ ਅਤੇ ਨਾ ਹੀ ਕਿਸੇ ਪੁਰਸਕਾਰ ਦੀ ਚਾਹ ਕੀਤੀ ਸੀ। ਪੰਜਾਬੀ ਸਾਹਿਤ ਨੂੰ ਆਪਣੀਆਂ ਰਚਨਾਵਾਂ ਨਾਲ ਮਾਲਾ-ਮਾਲ ਕਰਨਾ ਹੀ ਉਸ ਦਾ ਲਕਸ਼ ਸੀ, ਜਿਸ ਵਿੱਚ ਉਹ ਸਫ਼ਲ ਰਿਹਾ। ਉਸ ਦਾ ਜੋ ਰੁਤਬਾ ਸੀ, ਬਤੌਰ ਪ੍ਰਗਤੀਸ਼ੀਲ ਕਵੀ, ਉਹ ਹਮੇਸ਼ਾ ਕਾਇਮ ਰਿਹਾ, ਸਗੋਂ ਵਕਤ ਦੇ ਨਾਲ-ਨਾਲ ਉਸ ਦਾ ਮੁਕਾਮ ਬੁਲੰਦ ਹੁੰਦਾ ਗਿਆ ਕਿਉਂਕਿ ਉਸ ਨੂੰ ਡਾ. ਮੁਹੰਮਦ ਇਕਬਾਲ ਦਾ ਇਹ ਸ਼ਿਅਰ ਯਾਦ ਸੀ:- ਐ ਤਾਇਰੇ-ਲਾਹੂਤੀ (ਉੱਚਾ ਉੱਡਣ ਵਾਲਾ ਪੰਛੀ) ਉਸ ਰਿਜ਼ਕ ਸੇ ਮੌਤ ਅੱਛੀ , ਜਿਸ ਰਿਜ਼ਕ ਸੇ ਆਤੀ ਹੋ ਪਰਵਾਜ਼ ਮੇਂ[7]

ਰਚਨਾਵਾਂ

ਉਨ੍ਹਾਂ ਦੀ ਪਹਿਲੀ ਰਚਨਾ ਸ਼ੇਰ-ਏ-ਹਿੰਦੀ ੧੯੩੦ ਵਿਚ ਉਰਦੂ ਵਿਚ ਛਪੀ, ਜੋ ਅੰਗ੍ਰੇਜ ਸਰਕਾਰ ਨੇ ਜ਼ਬਤ ਕਰ ਲਈ ।[8]

ਕਾਵਿ ਸੰਗ੍ਰਹਿ

  • ਬੰਦਰਗਾਹ (1951)
  • ਜਵਾਲਾਮੁਖੀ (1943)
  • ਅਮਰ ਗੀਤ (1942)
  • ਮਹਾਂ ਨਾਚ (1941)
  • ਸੁਗੰਧ ਸਮੀਰ (1959)

ਲੇਖ ਸੰਗ੍ਰਹਿ

  • ਕਿਸ ਕਿਸ ਤਰ੍ਹਾਂ ਦੇ ਨਾਚ

ਕਵਿਤਾ ਦਾ ਨਮੂਨਾ

ਜੀਵਨ

<poem> ਜੀਵਨ ਹੈ ਰੋਣਾ ਤੇ ਹੱਸਣਾ ਮਾਰ ਪਲਾਕੀ ਕਾਲ ਤੇ ਚੜ੍ਹਨਾ ਡਿਗਣਾ ਫੇਰ ਉਸੇ ਵੱਲ ਨੱਸਣਾ - ਜੀਵਨ ਹੈ ਰੋਣਾ ਤੇ ਹੱਸਣਾ

ਅੰਧਕਾਰ-ਖਿੰਘਰਾਂ ਸੰਗ ਖਹਿਣਾ ਦੁਖ-ਸੁਖ ਦੇ ਨਰਕਾਂ ਵਿੱਚ ਪੈਣਾ ਦਿਲ-ਸਾਗਰ ’ਚੋਂ ਉਠਦੇ ਰਹਿਣਾ ਲੁੱਛ-ਲੁੱਛ ਨੈਣ ਗਗਨ ’ਚੋਂ ਵਸਣਾ - ਜੀਵਨ ਹੈ ਰੋਣਾ ਤੇ ਹੱਸਣਾ

ਕਦੇ ਕਿਸੇ ਨੂੰ ਦਿਲ ਦੇ ਬਹਿਣਾ ਅੱਜ-ਕੱਲ੍ਹ ਦੇ ਕੋਲੂ ਵਿੱਚ ਪੈਣਾ ਵਿਸਮਾਦੀ ਮੌਜਾਂ ਵਿੱਚ ਵਹਿਣਾ ਜਿਗਰ ਦੇ ਛਾਲੇ ਅਰਸ਼ ਨੂੰ ਦੱਸਣਾ - ਜੀਵਨ ਹੈ ਰੋਣਾ ਤੇ ਹੱਸਣਾ

ਕੁਦਰਤ ਨਾਲ ਬਖੇੜੇ ਕਰਨਾ ਫੇਰ ਜੋ ਆਏ ਸਿਰ ਤੇ ਜਰਨਾ ਜੀਵਨ ਹੈ ਜਿੱਤਣਾ ਤੇ ਹਰਨਾ ਪਲ ਵਿੱਚ ਜੀਣਾ ਪਲ ਵਿੱਚ ਮਰਨਾ ਕਰ ਕਰ ਉਂਗਲਾਂ ਕਹੇ ਲੁਕਾਈ: ‘ਔਹ ਜਾਂਦਾ ਹੈ ਨਵਾਂ ਸ਼ੁਦਾਈ ’ ਸੌ-ਰੰਗੀ ਮਸਤੀ ਵਿੱਚ ਰਹਿਣਾ ਹੋਣੀ ਨਾਲ ਵੀ ਤੋੜੇ ਕੱਸਣਾ - ਜੀਵਨ ਹੈ ਰੋਣਾ ਤੇ ਹੱਸਣਾ </poem >

ਹਵਾਲੇ

ਬਾਹਰੀ ਲਿੰਕ

ਪੰਜਾਬੀ ਕਵਿਤਾ ਉੱਪਰ ਉਪਲੱਬਧ ਬਾਵਾ ਬਲਵੰਤ ਦੇ ਕਾਵਿ ਸੰਗ੍ਰਹਿਫਰਮਾ:ਪੰਜਾਬੀ ਲੇਖਕ