ਪੰਜਾਬੀ ਭਾਸ਼ਾ ਫਰਮਾ:IPAc-en (ਸ਼ਾਹਮੁਖੀ: ‎پنجابی‎) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ।[1] ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ। ਇਸ ਤੋਂ ਬਿਨਾਂ ਸ਼ਬਦ "ਪੰਜਾਬੀ" ਨੂੰ ਪੰਜਾਬ ਨਾਲ਼ ਸਬੰਧਿਤ ਕਿਸੇ ਵੀ ਚੀਜ਼ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਅਤੇ ਪੰਜਾਬ ਖਿੱਤੇ ਦੇ ਰਹਿਣ ਵਾਲ਼ਿਆਂ ਨੂੰ 'ਪੰਜਾਬੀ' ਹੀ ਕਿਹਾ ਜਾਂਦਾ ਹੈ। "ਐਥਨੋਲੋਗ" 2005 (ਬੋਲੀਆਂ ਨਾਲ਼ ਸਬੰਧਿਤ ਇੱਕ ਵਿਸ਼ਵਗਿਆਨਕੋਸ਼) ਮੁਤਾਬਕ ਪੰਜਾਬੀ ਨੂੰ 8.8 ਕਰੋੜ ਲੋਕ ਬੋਲਦੇ ਹਨ, ਜਿਸ ਨਾਲ ਪੰਜਾਬੀ ਸਮੁੱਚੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ 'ਦਸਵੀਂ ਬੋਲੀ' ਹੈ। 2008 ਵਿੱਚ ਪਾਕਿਸਤਾਨ ਦੀ ਮਰਦਮਸ਼ੁਮਾਰੀ ਮੁਤਾਬਕ ਪਾਕਿਸਤਾਨ ਵਿੱਚ 76,334,300 ਲੋਕ ਪੰਜਾਬੀ ਬੋਲਦੇ ਹਨ ਅਤੇ 2011 ਵਿੱਚ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਭਾਰਤ ਵਿੱਚ 3,11,44,095 ਲੋਕ ਪੰਜਾਬੀ ਬੋਲਦੇ ਹਨ।[2] ਇਸ ਦੀਆਂ ਦੋ ਮੁੱਖ ਉਪ-ਬੋਲੀਆਂ ਹਨ- ਪੂਰਬੀ ਪੰਜਾਬੀ ਅਤੇ ਲਹਿੰਦੀ ਪੰਜਾਬੀ। ਲਹਿੰਦੀ ਪੰਜਾਬੀ, ਪੂਰਬੀ ਪੰਜਾਬੀ ਅਤੇ ਪੱਛਮੀ ਪਹਾੜੀ ਬੋਲੀਆਂ ਨੂੰ ਮਿਲਾ ਕੇ ਪੰਜਾਬੀ ਆਪਣੇ ਸੁਰ-ਵਿਗਿਆਨ ਕਰ ਕੇ ਅਜੋਕੀ ਹਿੰਦ-ਯੂਰਪੀ ਬੋਲੀਆਂ ਦੇ ਪਰਿਵਾਰ ਵਿੱਚੋਂ ਸਭ ਤੋਂ ਵੱਖਰੀ ਬੋਲੀ ਜਾਪਦੀ ਹੈ। ਪੰਜਾਬੀ ਦੀਆਂ ਕਈ ਉਪ-ਬੋਲੀਆਂ ਹਨ, ਪਰ ਮਾਝੀ ਨੂੰ ਸਭ ਤੋਂ ਅਮੀਰ ਉਪ-ਬੋਲੀ ਮੰਨਿਆ ਜਾਂਦਾ ਹੈ। ਇਹ ਉਪ-ਬੋਲੀ ਪੁਰਾਣੇ ਪੰਜਾਬ ਦੇ ਮਾਝਾ ਖ਼ਿੱਤੇ ਵਿੱਚ ਬੋਲੀ ਜਾਂਦੀ ਹੈ ਜਿਸ ਦਾ ਕੇਂਦਰ ਅਜੋਕੇ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਹੈ। ਇਸ ਉਪ-ਬੋਲੀ ਦੀ ਵਰਤੋਂ ਪੰਜਾਬੀ ਦੀਆਂ ਕਿਤਾਬਾਂ ਲਿਖਣ ਵਿੱਚ ਹੁੰਦੀ ਹੈ। ਇਹ ਭਾਰਤੀ ਚੜ੍ਹਦਾ ਪੰਜਾਬ ਸੂਬੇ ਦੀ ਸਰਕਾਰੀ ਬੋਲੀ ਹੈ ਪਰ ਪਾਕਿਸਤਾਨੀ ਪੰਜਾਬ ਸੂਬੇ ਵਿੱਚ ਇਸ ਨੂੰ ਕੋਈ ਸਰਕਾਰੀ ਹੈਸੀਅਤ ਪ੍ਰਾਪਤ ਨਹੀਂ ਅਤੇ ਨੇੜਲੇ ਸੂਬਿਆਂ ਜਿਵੇਂ ਕਿ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਆਦਿ ਵਿੱਚ ਵੀ ਬੋਲੀ ਜਾਂਦੀ ਹੈ। ਪੰਜਾਬੀ ਨੂੰ ਹਰਿਆਣਾ ਅਤੇ ਦਿੱਲੀ ਵਿੱਚ ਦੂਜੀ ਅਤੇ ਤੀਜੀ ਭਾਸ਼ਾ ਦਾ ਦਰਜਾ ਹਾਸਿਲ ਹੈ।

ਇਤਿਹਾਸ

ਪੰਜਾਬੀ ਹੋਰਨਾਂ ‍ਦੱਖਣੀ ਏਸ਼ੀਆਈ ਬੋਲੀਆਂ ਦੀ ਤਰ੍ਹਾਂ ਹੀ ਇੱਕ ਹਿੰਦ-ਆਰੀਆ ਬੋਲੀ ਹੈ।ਪੰਜਾਬੀ ਸੈਂਕੜੇ ਵਰ੍ਹੇ ਸੱਤਾ ਅਤੇ ਦਰਬਾਰਾਂ ਦੀ ਸਰਪ੍ਰਸਤੀ ਤੋਂ ਬਿਨਾਂ ਵਧੀ-ਫੁੱਲੀ ਤੇ ਪ੍ਰਫੁੱਲਿਤ ਹੋਈ ਲੋਕਾਂ ਦੀ ਜ਼ਬਾਨ ਹੈ।[3] ਪੰਜਾਬੀ ਨੂੰ ਉਹਨਾਂ ਸਾਰੇ ਮੁਲਕਾਂ ਵਿੱਚ ਵੀ ਘੱਟ-ਗਿਣਤੀ ਭਾਸ਼ਾ ਦੇ ਤੌਰ ਉੱਤੇ ਬੋਲਿਆ ਜਾਂਦਾ ਹੈ, ਜਿੱਥੇ ਵੀ ਪੰਜਾਬੀ ਗਏ ਹਨ, ਜਿਵੇਂ ਕਿ ਇੰਗਲੈਂਡ, ਅਮਰੀਕਾ, ਆਸਟਰੇਲੀਆ ਅਤੇ ਖ਼ਾਸ ਕਰ ਕੇ ਕੈਨੇਡਾ, ਜਿੱਥੇ ਕਿ ਪੰਜਾਬੀ ਕੈਨੇਡਾ ਦੀ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਤੀਜੀ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ।[4] ਪੰਜਾਬੀ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਦੀ ਇੱਕ ਲਿਪੀ ਗੁਰਮੁਖੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਗਈ ਹੈ। ਇਹ ਭੰਗੜਾ ਸੰਗੀਤ ਦੀ ਬੋਲੀ ਹੈ, ਜਿਸ ਨੇ ਦੱਖਣੀ ਏਸ਼ੀਆ ਅਤੇ ਸੰਸਾਰ ਭਰ ਵਿੱਚ ਚੰਗਾ ਨਾਮਣਾ ਖੱਟਿਆ ਹੈ।

ਪੰਜਾਬੀ ਸੱਭਿਆਚਾਰ ਭਾਰਤ ਅਤੇ ਪਾਕਿਸਤਾਨ ਵਿੱਚ ਹੋਈ 1947 ਈਸਵੀ ਦੀ ਵੰਡ ਕਰ ਕੇ ਪ੍ਰਭਾਵਿਤ ਹੋਇਆ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵੰਡੇ ਹੋਏ ਦੇਸ਼ਾਂ ਅਤੇ ਧਾਰਮਿਕ ਸਬੰਧਾਂ ਨੂੰ ਆਪਸ ਵਿੱਚ ਜੋੜਦਾ ਹੈ।

ਨਵੀਂ ਪੰਜਾਬੀ ਸ਼ਬਦਾਵਲੀ ਹੋਰ ਭਾਸ਼ਾਵਾਂ, ਜਿਵੇਂ ਹਿੰਦੀ, ਫ਼ਾਰਸੀ ਅਤੇ ਅੰਗਰੇਜ਼ੀ ਤੋਂ ਪ੍ਰਭਾਵਿਤ ਹੈ, ਹੋਰ ਉੱਤਰੀ ਭਾਰਤੀ ਭਾਸ਼ਾਵਾਂ ਵਾਂਗ ਇਸ ਦਾ ਵੀ ਵਿਕਾਸ ਸੰਸਕ੍ਰਿਤ ਤੋਂ ਹੋਇਆ ਹੈ। ਪੰਜਾਬੀ ਦੇ ਕਈ ਰੂਪ ਹਨ, ਜਿਵੇਂ ਕਿ ਪੱਛਮੀ ਪੰਜਾਬ ਵਿੱਚ ਲਹਿੰਦਾ ਅਤੇ ਪੂਰਬੀ ਪੰਜਾਬ ਵਿੱਚ ਸਰਾਇਕੀ, ਹਿੰਦਕੋ, ਮਾਝੀ, ਪੋਠੋਹਾਰੀ, ਪਰ ਇਹ ਪੰਜਾਬੀ ਦੇ ਸਾਹਮਣੇ ਨਿਗੂਣੇ ਜਿਹੇ ਹੀ ਹਨ।

ਜੁਲਾਈ, 1951 ਵਿੱਚ ਭਾਰਤ ਵਿੱਚ ਮਰਦਮਸ਼ੁਮਾਰੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚਲ ਰਿਹਾ ਸੀ। ਇਸ ਸਮੇਂ ਪੰਜਾਬ ਦਾ ਮਹਾਸ਼ਾ ਪਰੈੱਸ ਪੰਜਾਬੀ ਹਿੰਦੂ ਦੀ ਮਾਂ ਬੋਲੀ ਬਦਲਣ ਲਈ ਸਾਰਾ ਟਿੱਲ ਲਾ ਰਿਹਾ ਸੀ। ਹਿੰਦੂ-ਸਿੱਖਾਂ ਵਿੱਚ ਪਈ ਵੰਡ ਦੀ ਲਕੀਰ ਨੂੰ ਕਾਲ਼ੇ ਰੰਗ ਨਾਲ ਭਰਨ ਲਈ ਮਹਾਸ਼ਾ ਪ੍ਰੈੱਸ ਨੇ ਪੂਰੀ ਕੋਸ਼ਿਸ਼ ਕੀਤੀ ਅਤੇ ਕਾਮਯਾਬੀ ਵੀ ਹਾਸਲ ਕੀਤੀ। ਹਰ ਸਿੱਖ ਨੇ ਪੰਜਾਬੀ ਨੂੰ ਅਤੇ ਹਰ ਹਿੰਦੂ ਨੇ ਹਿੰਦੀ ਨੂੰ ਆਪਣੀ ਬੋਲੀ ਲਿਖਾਇਆ।

ਪੰਜਾਬ ਰਾਜ ਭਾਸ਼ਾ ਐਕਟ

ਪੰਜਾਬ ਦਾ ਪਹਿਲਾ ‘ਪੰਜਾਬ ਰਾਜ ਭਾਸ਼ਾ ਐਕਟ’ 1960 ਵਿੱਚ ਬਣਿਆ। ਇਸ ਐਕਟ ਦੀ ਧਾਰਾ 3 ਰਾਹੀਂ ਪੰਜਾਬੀ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੋਣ ਵਾਲੇ ‘ਸਾਰੇ ਦਫ਼ਤਰੀ ਕੰਮਕਾਜ’ 02 ਅਕਤੂਬਰ 1960 ਤੋਂ ਪੰਜਾਬੀ ਵਿੱਚ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ। ਇਸ ਵਿਵਸਥਾ ਦੀ ਖ਼ੂਬਸੂਰਤੀ ਇਹ ਸੀ ਕਿ ਜੇ ਕਿਸੇ ਕਾਰਨ ਕੋਈ ਕੰਮ ਉਸ ਸਮੇਂ ਪੰਜਾਬੀ ਵਿੱਚ ਕਰਨਾ ਸੰਭਵ ਨਹੀਂ ਸੀ ਤਾਂ ਉਸ ਕੰਮ ਨੂੰ ਹੋਰ ਭਾਸ਼ਾ ਵਿੱਚ ਕਰਨ ਦੀ ਵਿਵਸਥਾ ਬਾਅਦ ਵਿੱਚ ਕੀਤੀ ਜਾਣੀ ਸੀ। ਮਤਲਬ ਇਹ ਕਿ 2 ਅਕਤੂਬਰ 1960 ਤੋਂ ਜ਼ਿਲ੍ਹਾ ਪੱਧਰ ਦੇ ਸਾਰੇ ਦਫ਼ਤਰਾਂ ਵਿੱਚ ਸਾਰਾ ਕੰਮਕਾਜ ਪੰਜਾਬੀ ਵਿੱਚ ਹੋਣਾ ਸ਼ੁਰੂ ਹੋਇਆ। ਬਾਅਦ ਵਿੱਚ ਕਿਸੇ ਕੰਮ ਨੂੰ ਪੰਜਾਬੀ ’ਚ ਕਰਨ ਤੋਂ ਛੋਟ ਦੇਣ ਵਾਲਾ ਕੋਈ ਦਸਤਾਵੇਜ਼ ਉਪਲੱਬਧ ਨਹੀਂ ਹੈ। ਇਸੇ ਧਾਰਾ ਰਾਹੀਂ ਇਹ ਵਿਵਸਥਾ ਵੀ ਕੀਤੀ ਗਈ ਕਿ 2 ਅਕਤੂਬਰ 1962 ਤੋਂ ਜ਼ਿਲ੍ਹਾ ਪੱਧਰੀ ਦਫ਼ਤਰਾਂ ਵੱਲੋਂ ਰਾਜ ਸਰਕਾਰ ਜਾਂ ਮੁੱਖ ਦਫ਼ਤਰਾਂ ਨਾਲ ਕੀਤੇ ਜਾਣ ਵਾਲੇ ਚਿੱਠੀ ਪੱਤਰ ਦੀ ਭਾਸ਼ਾ ਵੀ ਪੰਜਾਬੀ ਹੋਵੇਗੀ।

ਪੰਜਾਬੀ ਸੂਬਾ ਬਣਨ ਮਗਰੋਂ 29 ਦਸੰਬਰ 1967 ਨੂੰ 1960 ਦਾ ਕਾਨੂੰਨ ਰੱਦ ਕਰਕੇ ਨਵਾਂ ਰਾਜ ਭਾਸ਼ਾ ਐਕਟ 1967 ਬਣਾਇਆ ਗਿਆ। ਇਸ ਕਾਨੂੰਨ ਦੀ ਉਦੇਸ਼ਕਾ ਵਿੱਚ ਇਹ ਐਕਟ ਬਣਾਉਣ ਦਾ ਉਦੇਸ਼ ‘ਪੰਜਾਬ ਰਾਜ ਦੇ ਸਾਰੇ ਜਾਂ ਕੁਝ ਦਫ਼ਤਰੀ ਕੰਮਕਾਜ ਨੂੰ ਪੰਜਾਬੀ ਵਿੱਚ ਕੀਤੇ ਜਾਣਾ’ ਨਿਸ਼ਚਿਤ ਕੀਤਾ ਗਿਆ। ਇਸ ਉਦੇਸ਼ਕਾ ਤੋਂ ਹੀ ਪਤਾ ਲੱਗਦਾ ਹੈ ਕਿ 1965 ਦੇ ਐਕਟ ਦੇ ਉਲਟ ਇਸ ਐਕਟ ਰਾਹੀਂ ਦਫ਼ਤਰਾਂ ਵਿੱਚ ਹੁੰਦੇ ਸਾਰੇ ਕੰਮਾਂ ਦੀ ਥਾਂ ਕੁਝ ਕੁ ਕੰਮ ਹੀ ਪੰਜਾਬੀ ਵਿੱਚ ਕੀਤੇ ਜਾਣ ਬਾਰੇ ਸੋਚਿਆ ਗਿਆ। ਨਾਲ ਹੀ ਧਾਰਾ 4 ਰਾਹੀਂ ਇਹ ਨਿਯਮ ਵੀ ਬਣਾਇਆ ਗਿਆ ਕਿ ਕਿਸੇ ਦਫ਼ਤਰੀ ਕੰਮਕਾਜ ਨੂੰ ਪੰਜਾਬੀ ਵਿੱਚ ਕੀਤੇ ਜਾਣਾ ਕਦੋਂ ਜ਼ਰੂਰੀ ਕਰਨਾ ਹੈ, ਇਸ ਦਾ ਐਲਾਨ ਬਾਅਦ ਵਿੱਚ ਵਿਸ਼ੇਸ਼ ਨੋਟੀਫਿਕੇਸ਼ਨ ਰਾਹੀਂ ਹੋਵੇਗਾ। ਭਾਵ ਵੱਖ ਵੱਖ ਕੰਮ ਵੱਖ ਵੱਖ ਸਮੇਂ ਪੰਜਾਬੀ ਵਿੱਚ ਸ਼ੁਰੂ ਕੀਤੇ ਜਾ ਸਕਦੇ ਹਨ।

1967 ਦੇ ਐਕਟ ਦੀ ਧਾਰਾ 4 ਰਾਹੀਂ ਮਿਲੇ ਅਧਿਕਾਰ ਦੀ ਵਰਤੋਂ ਕਰਦਿਆਂ ਪੰਜਾਬ ਸਰਕਾਰ ਵੱਲੋਂ ਦਫ਼ਤਰੀ ਕੰਮਕਾਜ ਨੂੰ ਪੰਜਾਬੀ ਵਿੱਚ ਕਰਨ ਲਈ ਤੁਰੰਤ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ। ਪਹਿਲਾ ਨੋਟੀਫਿਕੇਸ਼ਨ 30 ਦਸੰਬਰ 1967 ਨੂੰ ਜਾਰੀ ਹੋਇਆ। ਇਸ ਰਾਹੀਂ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿੱਚ ਹੁੰਦੇ ਦਫ਼ਤਰੀ ਕੰਮਕਾਜ ਨੂੰ 1 ਜਨਵਰੀ 1968 ਤੋਂ ਪੰਜਾਬੀ ਭਾਸ਼ਾ ਵਿੱਚ ਕਰਨ ਦਾ ਹੁਕਮ ਹੋਇਆ। ਦੂਜਾ ਨੋਟੀਫਿਕੇਸ਼ਨ 9 ਫਰਵਰੀ 1968 ਨੂੰ ਜਾਰੀ ਹੋਇਆ। ਇਸ ਰਾਹੀਂ ‘ਰਾਜ ਪੱਧਰ’ ਦੇ ਸਾਰੇ ਦਫ਼ਤਰਾਂ ਵਿੱਚ ਹੁੰਦੇ ਕੰਮਕਾਜ ਪੰਜਾਬੀ ਵਿੱਚ ਕਰਨ ਦਾ ਹੁਕਮ ਹੋਇਆ। ਇਹ ਹੁਕਮ 13 ਅਪਰੈਲ 1968 ਤੋਂ ਲਾਗੂ ਹੋਇਆ। ਇਨ੍ਹਾਂ ਨੋਟੀਫਿਕੇਸ਼ਨਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਸਾਰੇ ਦਫ਼ਤਰੀ ਕੰਮ ਪੰਜਾਬੀ ਵਿੱਚ ਕਰਨ ਦੇ ਹੁਕਮ ਹੋਏ।

ਪੰਜਾਬ ਰਾਜ ਭਾਸ਼ਾ (ਸੋਧ) ਐਕਟ, 2008 ਰਾਹੀਂ 1967 ਦੇ ਕਾਨੂੰਨ ਵਿੱਚ ਵੱਡੀਆਂ ਸੋਧਾਂ ਕੀਤੀਆਂ ਗਈਆਂ। ਪ੍ਰਸ਼ਾਸਨਿਕ ਦਫ਼ਤਰਾਂ ਦੇ ਕੰਮਕਾਜ ਪੰਜਾਬੀ ਵਿੱਚ ਕਰਨ ਦੀ ਵਿਵਸਥਾ ਕਰਨ ਲਈ ਮੂਲ ਕਾਨੂੰਨ ਵਿੱਚ ਧਾਰਾ 3-ਏ ਜੋੜੀ ਗਈ। ਇਸ ਨਵੀਂ ਧਾਰਾ ਨੇ ਸਥਿਤੀ ਸਪਸ਼ਟ ਕਰਨ ਦੀ ਥਾਂ ਹੋਰ ਉਲਝਾ ਦਿੱਤੀ। ਨਵੀਂ ਵਿਵਸਥਾ ਦਾ ਉਦੇਸ਼ ਪੰਜਾਬੀ ਦਾ ਘੇਰਾ ਵਿਸ਼ਾਲ ਕਰਨਾ ਹੈ ਜਾਂ ਇਸ ਦੇ ਖੰਭ ਕੁਤਰਣਾ, ਇਹ ਸਮਝ ਤੋਂ ਬਾਹਰ ਹੈ। ਇਸ ਸੋਧ ਕਾਨੂੰਨ ਦੇ ਅੰਗਰੇਜ਼ੀ ਅਤੇ ਪੰਜਾਬੀ, ਦੋਵੇਂ ਪਾਠ ਇੱਕੋ ਸਮੇਂ ਸਰਕਾਰੀ ਗਜ਼ਟ ਵਿੱਚ ਛਪੇ। ਅੰਗਰੇਜ਼ੀ ਪਾਠ ਵਿੱਚ ‘ਸਾਰੇ ਦਫ਼ਤਰੀ ਚਿੱਠੀ ਪੱਤਰ’ ਪੰਜਾਬੀ ਵਿੱਚ ਕੀਤੇ ਜਾਣ ਦਾ ਜ਼ਿਕਰ ਹੈ। ਇਸ ਦੇ ਉਲਟ ਪੰਜਾਬੀ ਪਾਠ ਵਿੱਚ (‘ਦਫ਼ਤਰੀ ਚਿੱਠੀ ਪੱਤਰ’ ਦੀ ਥਾਂ) ‘ਦਫ਼ਤਰਾਂ ਵਿੱਚ ਸਾਰਾ ਕੰਮਕਾਜ ਪੰਜਾਬੀ ਵਿੱਚ ਕੀਤਾ ਜਾਵੇਗਾ’ ਦਰਜ ਹੈ। ਦੋਵਾਂ ਦੇ ਅਰਥਾਂ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਅੰਗਰੇਜ਼ੀ ਪਾਠ ਮੁਤਾਬਿਕ ਸਿਰਫ਼ ‘ਦਫ਼ਤਰੀ ਚਿੱਠੀ ਪੱਤਰ’ ਹੀ ਪੰਜਾਬੀ ਵਿੱਚ ਕਰਨਾ ਜ਼ਰੂਰੀ ਹੈ। ਬਾਕੀ ਕੰਮ ਹੋਰ ਭਾਸ਼ਾ (ਅੰਗਰੇਜ਼ੀ) ਵਿੱਚ ਵੀ ਹੋ ਸਕਦੇ ਹਨ। ਪੰਜਾਬੀ ਪਾਠ ਅਨੁਸਾਰ ਪ੍ਰਸ਼ਾਸਨਿਕ ਦਫ਼ਤਰਾਂ ਵਿੱਚ ਹੁੰਦਾ ਸਾਰਾ ਕੰਮਕਾਜ ਪੰਜਾਬੀ ਭਾਸ਼ਾ ਵਿੱਚ ਕਰਨਾ ਜ਼ਰੂਰੀ ਹੈ।[5]

ਸੰਵਿਧਾਨ ਤੋਂ ਲੈ ਕੇ ਹਰ ਤਰ੍ਹਾਂ ਦਾ ਕੇਂਦਰੀ ਕਾਨੂੰਨ ਰਾਜ ਸਰਕਾਰਾਂ ਨੂੰ ਅਦਾਲਤੀ ਕੰਮਕਾਜ, ਖ਼ਾਸਕਰ ਜ਼ਿਲ੍ਹਾ ਪੱਧਰੀ ਅਦਾਲਤਾਂ ਤਕ ਦਾ, ਆਪਣੀ ਰਾਜ ਭਾਸ਼ਾ ਵਿੱਚ ਕਰਨ ਦੀ ਵਿਵਸਥਾ ਕਰਨ ਦਾ ਅਧਿਕਾਰ ਦਿੰਦਾ ਹੈ। ਆਪਣੇ ਇਸ ਅਧਿਕਾਰ ਦੀ ਵਰਤੋਂ ਕਰਕੇ ਪੰਜਾਬ ਸਰਕਾਰ ਨੇ ਸਾਲ 2008 ਵਿੱਚ ਪੰਜਾਬ ਰਾਜ ਭਾਸ਼ਾ ਐਕਟ 1967 ਵਿੱਚ ਸੋਧ ਕੀਤੀ ਅਤੇ ਪੰਜਾਬ ਵਿਚਲੀਆਂ ਜ਼ਿਲ੍ਹਾ ਪੱਧਰੀ ਅਦਾਲਤਾਂ ਦੇ ਕੰਮਕਾਜ ਦੀ ਭਾਸ਼ਾ ਪੰਜਾਬੀ ਕਰ ਦਿੱਤੀ, ਪਰ ਅਦਾਲਤਾਂ ਵਿੱਚ ਕੰਮਕਾਜ ਪੰਜਾਬੀ ਵਿੱਚ ਹੋਣਾ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਦਾਲਤੀ ਕੰਮਕਾਜ ਲਈ ਲੋੜੀਂਦੀ ਸਮੱਗਰੀ, ਖ਼ਾਸਕਰ ਕਾਨੂੰਨ, ਪੰਜਾਬੀ ਵਿੱਚ ਉਪਲੱਬਧ ਹੋਣ।[6][7]

ਪੰਜਾਬੀ ਭਾਸ਼ਾ ਦੀਆਂ ਲਿਪੀਆਂ

ਪੰਜਾਬੀ ਭਾਸ਼ਾ ਨੂੰ ਲਿਖਣ ਲਈ ਦੋ ਲਿਪੀਆਂ ਹਨ, ਜੋ ਕਿ ਖੇਤਰ ਅਤੇ ਇਸ ਦੇ ਉਪਭਾਸ਼ਾ ਦੇ ਨਾਲ ਨਾਲ ਬੋਲਣ ਵਾਲੇ ਦੇ ਖੇਤਰ ਉੱਤੇ ਵੀ ਨਿਰਭਰ ਕਰਦਾ ਹੈ। ਭਾਰਤ ਤੇ ਹੋਰ ਦੇਸ਼ਾਂ ਵਿੱਚ ਭਾਰਤੀ ਮੂਲ ਦੇ ਪੰਜਾਬੀ ਇਸ ਨੂੰ ਗੁਰਮੁਖੀ ਲਿਪੀ ਵਿੱਚ ਲਿਖਦੇ ਹਨ।ਪੰਜਾਬੀ ਭਾਸ਼ਾ ਦੀ ਇਹ ਬਦਕਿਸਮਤੀ ਹੀ ਸਮਝੋ ਕਿ ਇਸ ਨੂੰ ਬੋਲਣ ਅਤੇ ਲਿਖਣ ਵਾਲੇ ਵੰਡੇ ਗਏ।[8]
ਪਾਕਿਸਤਾਨ (ਲਹਿੰਦੇ ਪੰਜਾਬ) ਵਿੱਚ ਸ਼ਾਹਮੁਖੀ ਲਿਪੀ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ। ਗੁਰਮੁਖੀ ਅਤੇ ਸ਼ਾਹਮੁਖੀ ਪੰਜਾਬੀ ਨੂੰ ਲਿਖਣ ਦੇ ਦੋ ਆਮ ਢੰਗ ਹਨ।[9] ਭਾਰਤੀ ਅਤੇ ਪਾਕਿਸਤਾਨੀ ਪੰਜਾਬੀ ਬੋਲਣ ਵਾਲੇ ਪੰਜਾਬੀ ਭਾਸ਼ਾ ਨੂੰ ਬੋਲਾਂ ਰਾਹੀਂ ਸਮਝ ਸਕਦੇ ਹਨ, ਪਰ ਲਿਪੀ ਦੇ ਰੂਪ 'ਚ ਨਹੀਂ। ਸਿਰਫ਼ ਦੋਹਾਂ ਲਿਪੀਆਂ ਨੂੰ ਜਾਨਣ ਵਾਲ਼ਾ ਹੀ ਲਿਖਤੀ ਰੂਪ 'ਚ ਸਮਣ ਸਕਦਾ ਹੈ।

ਅੰਗਰੇਜ਼ੀ ਵਾਂਗ ਹੀ, ਪੰਜਾਬੀ ਦੁਨੀਆ ਭਰ ਵਿੱਚ ਫੈਲ ਗਈ ਅਤੇ ਇਸ ਵਾਂਗ ਹੀ ਉੱਥੋਂ ਦੇ ਸਥਾਨਕ ਸ਼ਬਦਾਂ ਨਾਲ ਮਿਲ ਕੇ ਆਪਣਾ ਵਿਕਾਸ ਕੀਤਾ। ਹਾਲਾਂਕਿ ਬਹੁਤ ਸ਼ਬਦ ਹਿੰਦੀ-ਉਰਦੂ ਅਤੇ ਅੰਗਰੇਜ਼ੀ ਤੋਂ ਆਏ ਹਨ, ਪਰ ਪੰਜਾਬੀ ਵਿੱਚ ਸਪੇਨੀ ਭਾਸ਼ਾ ਅਤੇ ਡੱਚ ਭਾਸ਼ਾ ਤੋਂ ਵੀ ਸ਼ਬਦ ਆਏ ਹਨ।

ਭੂਗੋਲਿਕ ਫੈਲਾਅ

ਪੰਜਾਬੀ ਭਾਸ਼ਾ ਦੀ ਭੂਗੋਲਿਕ ਵੰਡ ਹੇਠ ਲਿਖੇ ਅਨੁਸਾਰ ਹੈ-

ਪਾਕਿਸਤਾਨ

ਪੰਜਾਬੀ ਜ਼ਿਆਦਾਤਰ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ ਅਤੇ ਇਹ ਪਾਕਿਸਤਾਨੀ ਪੰਜਾਬ ਦੀ ਰਾਜ ਭਾਸ਼ਾ ਹੈ। ਪਾਕਿਸਤਾਨ ਦੇ 44.15% ਲੋਕ ਪੰਜਾਬੀ ਨੂੰ ਮਾਤ-ਭਾਸ਼ਾ ਦੇ ਵਜੋਂ ਬੋਲਦੇ ਹਨ ਅਤੇ 70.0% ਲੋਕ ਪੰਜਾਬੀ ਭਾਸ਼ਾ ਨੂੰ ਪਹਿਲੀ, ਦੂਸਰੀ ਅਤੇ ਕੁੱਝ ਤੀਸਰੀ ਭਾਸ਼ਾ ਵਜੋਂ ਬੋਲਦੇ ਹਨ। ਲਹੌਰ, ਜੋ ਕਿ ਪਾਕਿਸਤਾਨ ਪੰਜਾਬ ਦੀ ਰਾਜਧਾਨੀ ਹੈ, ਵਿੱਚ ਸਭ ਤੋਂ ਜਿਆਦਾ ਲੋਕ ਪੰਜਾਬੀ ਬੋਲਦੇ ਹਨ। ਲਹੌਰ ਦੀ 86% ਆਬਾਦੀ ਅਤੇ ਇਸਲਾਮਾਬਾਦ ਦੀ 71% ਆਬਾਦੀ ਪੰਜਾਬੀ ਨੂੰ ਮਾਤ-ਭਾਸ਼ਾ ਵਜੋਂ ਬੋਲਦੀ ਹੈ। ਤੀਸਰਾ ਸਥਾਨ ਫੈ਼ਸਲਾਬਾਦ ਦਾ ਆਉਂਦਾ ਹੈ, ਜਿਥੇ 76% ਲੋਕ ਪੰਜਾਬੀ ਬੋਲਦੇ ਹਨ। ਕਰਾਚੀ ਵਿੱਚ ਵੀ ਜ਼ਿਆਦਾਤਰ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ।

ਮਰਦਮਸ਼ੁਮਾਰੀ ਦੇ ਅਧਾਰ ਤੇ ਪਾਕਿਸਤਾਨ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ[10]
ਸਾਲ ਪਾਕਿਸਤਾਨ ਦੀ ਆਬਾਦੀ ਪ੍ਰਤੀਸ਼ਤ ਪੰਜਾਬੀ ਬੋਲਣ ਵਾਲੇ
1951 33,740,167 57.08% 22,632,905
1961 42,880,378 56.39% 28,468,282
1972 65,309,340 56.11% 43,176,004
1981 84,253,644 48.17% 40,584,980
1998 132,352,279 44.15% 58,433,431
ਮਰਦਮਸ਼ੁਮਾਰੀ ਦੇ ਅਧਾਰ ਤੇ ਪਾਕਿਸਤਾਨੀ ਰਾਜਾਂ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ (2008)
ਸਥਾਨ ਬਲਾਕ ਪੰਜਾਬੀ ਬੋਲਣ ਵਾਲੇ ਪ੍ਰਤੀਸ਼ਤ
ਪਾਕਿਸਤਾਨ 106,335,300 60%
1 ਪੰਜਾਬ 70,671,704 75.23%
2 ਸਿੰਧ 4,592,261 10%
3 ਇਸਲਾਮਾਬਾਦ(ਰਾਜਧਾਨੀ) 1,343,625 71.66%
4 ਖ਼ੈਬਰ ਪਖ਼ਤੁਨਖ਼ਵਾ 7,396,085 21%
5 ਬਲੋਚਿਸਤਾਨ 318,745 2.52%

ਭਾਰਤ

ਭਾਰਤ ਵਿੱਚ 30 ਮਿਲੀਅਨ (3 ਕਰੋੜ) ਲੋਕ ਪੰਜਾਬੀ ਭਾਸ਼ਾ ਨੂੰ ਮਾਤ-ਭਾਸ਼ਾ ਅਤੇ ਪਹਿਲੀ, ਦੂਜੀ ਜਾਂ ਤੀਸਰੀ ਭਾਸ਼ਾ ਵਜੋਂ ਬੋਲਦੇ ਹਨ। ਪੰਜਾਬੀ ਭਾਸ਼ਾ ਭਾਰਤੀ ਰਾਜਾਂ ਪੰਜਾਬ, ਹਰਿਆਣਾ ਅਤੇ ਦਿੱਲੀ ਦੀ ਮੁੱਖ ਭਾਸ਼ਾ ਹੈ। ਉੱਤਰੀ ਭਾਰਤ ਵਿੱਚ ਅੰਬਾਲਾ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ, ਜਲੰਧਰ ਅਤੇ ਦਿੱਲੀ ਪ੍ਰਮੁੱਖ ਸ਼ਹਿਰੀ ਖੇਤਰ ਹਨ, ਜਿਥੇ ਪੰਜਾਬੀ ਬੋਲੀ ਜਾਂਦੀ ਹੈ।

ਮਰਦਮਸ਼ੁਮਾਰੀ ਦੇ ਅਧਾਰ ਤੇ ਭਾਰਤ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ
ਸਾਲ ਭਾਰਤ ਦੀ ਅਬਾਦੀ ਭਾਰਤ ਵਿੱਚ ਪੰਜਾਬੀ ਬੋਲਣ ਵਾਲ਼ੇ ਫ਼ੀਸਦੀ
1971 548,159,652 14,108,443 2.57%
1981 665,287,849 19,611,199 2.95%
1991 838,583,988 23,378,744 2.79%
2001 1,028,610,328 29,102,477 2.83%
2011 1,210,193,422 33,038,280 2.73%

ਵਿਲੱਖਣਤਾ

ਪੰਜਾਬੀ ਦੀ ਇੱਕ ਖ਼ਾਸ ਗੱਲ ਜੋ ਇਸਨੂੰ ਦੂਜੀਆਂ ਇੰਡੋ-ਯੂਰਪੀ ਅਤੇ ਭਾਰਤੀ ਭਾਸ਼ਾਵਾਂ ਤੋਂ ਅੱਡ ਕਰਦੀ ਹੈ, ਉਹ ਹੈ ਇਸ ਦਾ ਸੁਰਾਤਮਕ ਹੋਣਾ। ਪੰਜਾਬੀ ਵਿੱਚ ਪੰਜ ਸੁਰ ਧੁਨੀਆਂ /ਘ/, /ਝ/, /ਢ/, /ਧ/, /ਭ/ ਹਨ। ਇਸ ਤੋਂ ਇਲਾਵਾ /ਹ/ ਧੁਨੀ ਵੀ ਸ਼ਬਦ ਵਿੱਚ ਆਪਣੇ ਸਥਾਨ ਅਨੁਸਾਰ ਸੁਰ ਵਿੱਚ ਬਦਲ ਜਾਂਦੀ ਹੈ। ਸ਼ਬਦਾਂ ਦੀ ਮੁੱਢਲੀ ਸਥਿਤੀ ਵਿੱਚ /ਘ,ਝ,ਢ,ਧ,ਭ/ ਧੁਨੀਆਂ ਨੀਵੀਂ ਸੁਰ ਦਾ ਉੱਚਾਰਣ ਕਰਦੀਆਂ ਹਨ। ਇਸ ਆਦਿ-ਸਥਿਤੀ ਵਿੱਚ /ਕ,ਚ,ਟ,ਤ,ਪ/ ਵਿੱਚ ਰੂਪਾਂਤਰਿਤ ਹੋ ਕੇ, ਨਾਲ਼ ਦੀ ਨਾਲ਼ ਸ੍ਵਰ ੳੱਤੇ ਨੀਵੀਂ ਸੁਰ ਨੂੰ ਪ੍ਰਗਟ ਕਰਦੀਆਂ ਹਨ। ਉਦਾਹਰਣ ਦੇ ਤੌਰ 'ਤੇ ਜਦੋਂ /ਘ/ ਧੁਨੀ ਸ਼ਬਦ ਦੇ ਸ਼ੁ੍ਰੂ ਵਿੱਚ ਆਉਦੀਂ ਹੈ ਤਾਂ ਇਸ ਦੀ ਅਵਾਜ਼ /ਕ/ ਧੁਨੀ ਦੇ ਨੇੜੇ ਹੁੰਦੀ ਹੈ ਅਤੇ ਇਸ ਨਾਲ ਇੱਕ ਡਿੱਗਦੀ ਸੁਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ 'ਘੋੜਾ' ਸ਼ਬਦ ਵਿੱਚ /ਕ/ ਧੁਨੀ ਨਾਲ ਇੱਕ ਡਿੱਗਦੀ ਸੁਰ ਹੈ ਜਿਸ ਨਾਲ ਇਹ /ਘ/ ਧੁਨੀ ਬਣਦੀ ਹੈ। ਇਸ ਤਰ੍ਹਾਂ ਇਸ ਸ਼ਬਦ ਦੀ IPA ਵਿੱਚ ਬਣਾਵਟ ""/kòɽa/"" ਹੋਵੇਗੀ। ਜੇਕਰ ਅਸੀਂ ਇਸ ਵਿੱਚੋਂ ਇਸ ਦੀ ਡਿੱਗਦੀ ਸੁਰ ਨੂੰ ਹਟਾ ਦਈਏ ਤਾਂ ਇਸ ਦਾ ਉੱਚਾਰ ""ਕੋੜਾ" ਹੋ ਜਾਵੇਗਾ ਅਤੇ ਜੇਕਰ ਅਸੀਂ /ਕ/ ਧੁਨੀ ਦੇ ਬਾਅਦ ਚੜ੍ਹਦੀ ਸੁਰ ਦੀ ਵਰਤੋਂ ਕਰੀਏ ਤਾਂ ਇਸ ਦਾ ਉੱਚਾਰਣ ""ਕੋਹੜਾ"" ਹੋ ਜਾਵੇਗਾ। ਇਸ ਨੂੰ IPA ਵਿੱਚ ""/kóɽa/"" ਲਿਖਿਆ ਜਾਵੇਗਾ। ਠੀਕ ਇਸੇ ਤਰ੍ਹਾਂ ਬਾਕੀ ਦੀਆਂ ਚਾਰ ਧੁਨੀਆਂ ਨਾਲ ਵੀ ਹੁੰਦਾ ਹੈ। ਸ਼ਬਦ ਦੀ ਅੰਤਲੀ ਸਥਿਤੀ ਵਿੱਚ /ਘ,ਝ,ਢ,ਧ,ਭ/ ਕ੍ਰਮਪੂਰਵਕ /ਗ, ਜ, ਡ, ਬ, ਦ/ ਵਿੱਚ ਤਬਦੀਲ ਹੋ ਕੇ ਨਾਲ ਲੱਗਦੇ ਅਗਲੇ ਸ੍ਵਰ ਉੱਤੇ ਉੱਚੀ ਸ੍ਵਰ ਸਹਿਤ ਉੱਚਾਰੀਆਂ ਜਾਂਦੀਆਂ ਹਨ। ਜਿਵੇਂ- /ਲਾਭ/।

ਪੰਜਾਬੀ ਅਤੇ ਇਸ ਨਾਲ ਜੁੜਦੀਆਂ ਭਾਸ਼ਾਵਾਂ

ਬਿਲਾਸਪੁਰੀ

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਖੇਤਰ ਦੀ ਭਾਸ਼ਾ ਨੂੰ ਬਿਲਾਸਪੁਰੀ (ਕਹਿਲੂਰੀ) ਕਿਹਾ ਜਾਂਦਾ ਹੈ। ਬਿਲਾਸਪੁਰੀ ਭਾਸ਼ਾ ਲਈ ਵੀ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਇੱਥੋਂ ਦੀ ਆਮ ਬੋਲਚਾਲ ਦੀ ਭਾਸ਼ਾ ਨੂੰ ਹਿੰਦੀ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਇਸ ਵਿਚਲੇ ਸ਼ਬਦ ਸਥਾਨਕ ਸ਼ਬਦਾਵਲੀ ਨਾਲ ਸਬੰਧ ਰੱਖਦੇ ਹਨ।ਪੰਜਾਬੀ ਨਾਲ ਬਿਲਾਸਪੁਰੀ ਦੀ ਆਮ ਵਰਤੋਂ ਦੀ ਸ਼ਬਦਾਵਲੀ ਦੀ ਸਾਂਝ ਨੂੰ ਦੇਖੀਏ ਤਾਂ ਇਸ ਭਾਸ਼ਾ ਵਿੱਚ ਵਰਤੇ ਜਾਂਦੇ ਮਾਤਾ-ਪਿਤਾ, ਮਾਂ-ਬਾਪੂ, ਦਾਦੀ-ਦਾਦੀ, ਭੈਣ-ਭਰਾ, ਚਾਚਾ-ਚਾਚੀ, ਤਾਇਆ-ਤਾਈ, ਜੇਠ-ਜੇਠਾਣੀ, ਦਿਉਰ-ਦਿਉਰਾਣੀ, ਮਾਮਾ-ਮਾਮੀ, ਮਾਸੜ-ਮਾਸੀ, ਨਾਨਾ (ਨਾਨੂ)-ਨਾਨੀ, ਕੁੜਮ-ਕੁੜਮਣੀ, ਜੀਜਾ-ਸਾਲੀ, ਧੀ ਆਦਿ ਸ਼ਬਦ ਪੰਜਾਬੀ ਵਾਲੇ ਹੀ ਹਨ। ਇਨ੍ਹਾਂ ਤੋਂ ਇਲਾਵਾ ਮਾਨਵੀ ਰਿਸ਼ਤਿਆਂ ਦੀ ਤਰਜਮਾਨੀ ਕਰਦੇ ਕੁਝ ਹੋਰ ਸ਼ਬਦ ਵੀ ਥੋੜ੍ਹੇ-ਬਹੁਤੇ ਫ਼ਰਕ ਨੂੰ ਛੱਡ ਕੇ ਜ਼ਿਆਦਾਤਰ ਪੰਜਾਬੀ ਨਾਲ ਹੀ ਮੇਲ ਖਾਂਦੇ ਹਨ।[11]

ਬਾਗੜੀ

ਪੰਜਾਬੀ ਨਾਲ ਸਾਂਝ ਵਾਲੀਆਂ ਬੋਲੀਆਂ ਵਿਚੋਂ ਇੱਕ ‘ਬਾਗੜੀ’ ਵੀ ਹੈ। ਬਾਗੜੀ ਦੀ ਗਿਣਤੀ ਪੰਜਾਬੀ ਦੀਆਂ ਉਪ-ਬੋਲੀਆਂ ਵਿੱਚ ਨਹੀਂ ਕੀਤੀ ਜਾਂਦੀ, ਪਰ ਇਸ ਦੀ ਪੰਜਾਬੀ ਨਾਲ ਸਾਂਝ ਪ੍ਰਤੱਖ ਦਿਸਦੀ ਹੈ। ਬਾਗੜੀ ਅੱਜ ਵੀ ਪੰਜਾਬ ਅਤੇ ਸਾਂਝੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਬਾਗੜੀ ਦੀ ਰਾਜਸਥਾਨੀ ਅਤੇ ਪੰਜਾਬੀ ਨਾਲ ਸਾਂਝ ਹੋਣ ਕਰਕੇ ਇਹ ਦੋਵਾਂ ਵਿਚਾਲੇ ਪੁਲ ਦਾ ਕੰਮ ਕਰ ਰਹੀ ਹੈ।ਮਾਰਵਾੜੀ, ਰਾਜਸਥਾਨੀ ਦੀ ਉਪ-ਬੋਲੀ ਹੈ ਤੇ ਮਾਰਵਾੜੀ ਦਾ ਸਥਾਨਕ ਰੂਪ ਬਾਗੜੀ ਹੈ। ਰਾਜਸਥਾਨ ਵਿਚਲੇ ਮਾਰਵਾੜ ਦੇ ਉੱਤਰੀ ਹਿੱਸੇ ਨੂੰ ਬਾਗੜ ਦਾ ਇਲਾਕਾ ਕਿਹਾ ਜਾਂਦਾ ਹੈ। ਇਹ ਬਾਗੜ ਦਾ ਇਲਾਕਾ ਸਾਂਝੇ ਪੰਜਾਬ ਤੇ ਅੱਜ ਦੇ ਹਰਿਆਣਾ ਦੀ ਰਾਜਸਥਾਨ ਨਾਲ ਲੱਗਦੀ ਹੱਦ ਦੇ ਆਰ-ਪਾਰ ਫੈਲਿਆ ਹੋਇਆ ਹੈ। ਹਨੂਮਾਨਗੜ੍ਹ, ਅਬਹੋਰ, ਫ਼ਾਜ਼ਿਲਕਾ, ਨੌਹਰ, ਭਾਦਰਾ, ਸਿਰਸਾ, ਐਲਨਾਬਾਦ, ਡੱਬਵਾਲੀ, ਰਾਣੀਆਂ, ਕਾਲਾਂਵਾਲੀ, ਫ਼ਤਿਆਬਾਦ, ਭੱਟੂ, ਹਿਸਾਰ, ਭੂਨਾ, ਉਕਲਾਨਾ ਦੇ ਹਿੱਸੇ ਵਿੱਚ ਬਾਗੜੀ ਲੋਕ ਵਸਦੇ ਹਨ। ‘ਮਾਰਵਾੜ’ ਦੋ ਸ਼ਬਦਾਂ ਮਾਰੂ ਅਤੇ ਵਾੜ ਦੇ ਮੇਲ ਤੋਂ ਬਣਿਆ ਹੈ ਜੋ ਸੰਸਕ੍ਰਿਤ ਸ਼ਬਦ ‘ਮਾਰੂਵਤ’ ਦਾ ਤਦਭਵ ਰੂਪ ਹੈ। ‘ਮਾਰੂ’ ਤੋਂ ਭਾਵ ਖੁਸ਼ਕ ਜਾਂ ਘੱਟ ਉਪਜਾਊ ਅਤੇ ‘ਵਤ’ ਇਲਾਕੇ ਨੂੰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਮਾਰਵਾੜ ਅਤੇ ਬਾਗੜ ਤੋਂ ਭਾਵ ਅਤੀਤ ਵਿੱਚ ਪੰਜਾਬ ਵਿਚਲੇ ਮਾਲਵੇ ਵਾਂਗ ਘੱਟ ਪਾਣੀ ਵਾਲੇ ਅਤੇ ਘੱਟ ਪੈਦਾਵਾਰ ਵਾਲੇ ਇਲਾਕੇ ਤੋਂ ਹੈ।[12]

ਪੰਜਾਬੀ ਤੇ ਮਹਾਨ ਲੋਕ

ਗੂਰੂ ਨਾਨਕ ਸਾਹਿਬ ਜੀ ਨੇ ਬਾਣੀ ਲਈ ਪੰਜਾਬੀ ਭਾਸ਼ਾ ਨੂੰ ਚੁਣਿਆ। ਗੁਰੂ ਨਾਨਕ ਜੀ ਤੋਂ ਪਹਿਲਾਂ ਬਾਬਾ ਫ਼ਰੀਦ ਨੇ ਵੀ ਬਾਣੀ ਦੀ ਰਚਨਾ, ਨਾਥਾਂ, ਜੋਗੀਆਂ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ, ਕ਼ਾਦਰਯਾਰ, ਸ਼ਾਹ ਮੁਹੰਮਦ, ਦਮੋਦਰ ਆਦਿ ਕਵੀਆਂ ਨੇ ਆਪਣੀ ਕਵਿਤਾ ਦਾ ਮਾਧਿਅਮ ਪੰਜਾਬੀ ਨੂੰ ਬਣਾਇਆ। ਪ੍ਰੋ. ਪੂਰਨ ਸਿੰਘ ਭਾਵੇਂ ਅੰਗਰੇਜ਼ੀ ਦੇ ਵਿਦਵਾਨ ਸਨ ਪਰ ਉਹਨਾਂ ਨੇ ਪੰਜਾਬੀ ਵਿੱਚ ਖੁੱਲ੍ਹੀ ਕਵਿਤਾ ਰਚ ਕੇ ਇਤਿਹਾਸ ਸਿਰਜਿਆ। ਪੰਜਾਬੀ ਭਾਸ਼ਾ ਦਾ ਹਿਰਦਾ ਇੰਨਾ ਵਿਸ਼ਾਲ ਹੈ ਕਿ ਕੁਸ਼ਾਨ, ਹੂਣ, ਤੁਰਕ, ਮੁਗ਼ਲ, ਮੰਗੋਲਾਂ ਆਦਿ ਦੀਆਂ ਭਾਸ਼ਾਵਾਂ ਨੂੰ ਵੀ ਪੰਜਾਬੀ ਨੇ ਆਪਣੇ ਵਿੱਚ ਜਜ਼ਬ ਕਰ ਕੇ ਆਪਣੀ ਨਿਵੇਕਲੀ ਪਛਾਣ ਬਰਕਰਾਰ ਰੱਖੀ। ਪੰਜਾਬੀ ਲੋਕ ਗੀਤ ਸਾਡੀ ਸੰਪੂਰਨ ਪੰਜਾਬੀਅਤ ਦੀ ਤਰਜਮਾਨੀ ਕਰਦੇ ਹਨ। ਕਥਾ-ਕਹਾਣੀਆਂ, ਵਾਰਾਂ, ਕਿੱਸੇ, ਜੰਗਨਾਮੇ, ਕਵਿਤਾਵਾਂ, ਮਾਹੀਏ, ਢੋਲੇ, ਟੱਪੇ, ਸਿੱਠਣੀਆਂ ਆਦਿ ਪੰਜਾਬੀਅਤ ਦਾ ਅਣਮੋਲ ਖ਼ਜ਼ਾਨਾ ਹਨ। ਨਾਨਕ ਸਿੰਘ, ਗੁਰਦਿਆਲ ਸਿੰਘ, ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਅਜੀਤ ਕੌਰ, ਦਲੀਪ ਕੌਰ ਟਿਵਾਣਾ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ, ਹਰਿਭਜਨ ਸਿੰਘ, ਡਾ. ਸੁਤਿੰਦਰ ਸਿੰਘ ਨੂਰ, ਸੁਖਵਿੰਦਰ ਅੰਮ੍ਰਿਤ ਆਦਿ ਲੇਖਕ ਇਸੇ ਭਾਸ਼ਾ ਸਦਕਾ ਕੌਮਾਂਤਰੀ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ। ਪੰਜਾਬੀ ਸੰਗੀਤ ਤਾਂ ਅੱਜ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਇਸ ਨੇ ਪੂਰੀ ਦੁਨੀਆ ਨੂੰ ਝੂਮਣ ਲਾ ਦਿੱਤਾ ਹੈ। ਲਾਲ ਚੰਦ ਯਮਲਾ ਜੱਟ ਗੁਰਦਾਸ ਮਾਨ, ਬੱਬੂ ਮਾਨ, ਕੁਲਦੀਪ ਮਾਣਕ, ਹੰਸ ਰਾਜ ਹੰਸ, ਸਤਿੰਦਰ ਸਰਤਾਜ ਆਦਿ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਇਹ ਪੰਜਾਬੀ ਸੰਗੀਤ ਦੀ ਪ੍ਰਪੱਕਤਾ ਹੀ ਹੈ ਕਿ ਇਹ ਬਾਲੀਵੁੱਡ ਵਿੱਚ ਵੀ ਪੈਰ ਜਮਾ ਚੁੱਕਿਆ ਹੈ। ਹਿੰਦੀ ਫ਼ਿਲਮਾਂ ਵਿੱਚ ਨਿਰੋਲ ਪੰਜਾਬੀ ਗੀਤ ਅਤੇ ਕਿਰਦਾਰ ਆਮ ਵੇਖਣ-ਸੁਣਨ ਨੂੰ ਮਿਲਦੇ ਹਨ, ਜੋ ਪੰਜਾਬੀਆਂ ਲਈ ਮਾਣ ਦੀ ਗੱਲ ਹੈ।

ਹੋਰ ਵੇਖੋ

ਹਵਾਲੇ

ਫਰਮਾ:ਹਵਾਲੇ

  • ਧਾਲੀਵਾਲ, ਪ੍ਰੇਮ ਪ੍ਰਕਾਸ਼. (2006): ਸਿਧਾਂਤਕ ਭਾਸ਼ਾ ਵਿਗਿਆਨ, ਮਦਾਨ ਪਬਲੀਕੇਸ਼ਨਜ਼
  1. ਫਰਮਾ:Cite book
  2. "Statement 1: Abstract of speakers' strength of languages and mother tongues - 2011" (PDF). http://www.censusindia.gov.in/2011census. Office of the Registrar General & Census Commissioner, India Ministry of Home Affairs, Government of India. {{cite web}}: External link in |website= (help); line feed character in |publisher= at position 61 (help)
  3. Lua error in package.lua at line 80: module 'Module:Citation/CS1/Suggestions' not found.
  4. "Punjabi-now-third-most-spoken-language-in-Canadas-parliament/articleshow/49639958.cmslurl=http://timesofindia.indiatimes.com/nri/us-canada-news/Punjabi-now-third-most-spoken-language-in-Canadas-parliament/articleshow/49639958.cms". {{cite web}}: |access-date= requires |url= (help); Missing or empty |url= (help)
  5. ਫਰਮਾ:Cite newsਫਰਮਾ:ਮੁਰਦਾ ਕੜੀ
  6. ਫਰਮਾ:Cite news
  7. ਫਰਮਾ:Cite newsਫਰਮਾ:ਮੁਰਦਾ ਕੜੀ
  8. ਫਰਮਾ:Cite news
  9. ਓਮਨੀਗਲੋਟ ਸਾਈਟ ਵੇਖਿਆ 16/03/2014 ਨੂੰ
  10. http://www.statpak.gov.pk/depts/pco/index.html
  11. ਫਰਮਾ:Cite news
  12. "ਪੰਜਾਬੀ ਅਤੇ ਰਾਜਸਥਾਨੀ ਵਿਚਾਲੇ ਪੁਲ". Tribune Punjabi (in हिन्दी). 2018-11-24. Retrieved 2018-12-15.