More actions
ਅੰਮ੍ਰਿਤਸਰ ਇਲਾਕੇ ਨੇ ਉਚ-ਕੋਟੀ ਦੇ ਬਹੁਤ ਪਹਿਲਵਾਨ ਪੈਦਾ ਕੀਤੇ ਹਨ। ਦੁਲਚੀਪੁਰ ਉਸ ਇਲਾਕੇ ਦਾ ਪਿੰਡ ਹੈ ਜਿਥੇ ਪਹਿਲਵਾਨੀ ਦੀ ਪਰੰਪਰਾ ਬੜੀ ਪੁਰਾਣੀ ਹੈ। ਲਾਗੇ ਹੀ ਗੁਰੂ ਕੀ ਨਗਰੀ ਖਡੂਰ ਸਾਹਿਬ ਹੈ ਜਿਥੇ ਗੁਰੂ ਅੰਗਦ ਦੇਵ ਜੀ ਮੱਲਾਂ ਦੇ ਘੋਲ ਕਰਵਾਇਆ ਕਰਦੇ ਸਨ ਤੇ ਮਾਤਾ ਖੀਵੀ ਜੀ ਘਿਉਲੀ ਖੀਰ ਵਰਤਾਇਆ ਕਰਦੇ ਸਨ। ਉਥੇ ਗੁਰਦਵਾਰਾ ਮੱਲ ਅਖਾੜਾ ਸਾਹਿਬ ਸੁਭਾਏਮਾਨ ਹੈ। ਖਡੂਰ ਸਾਹਿਬ ਦੇ ਮੇਲੇ ਵਿੱਚ ਵੀ ਕੁਸ਼ਤੀਆਂ ਹੁੰਦੀਆਂ ਸਨ ਜਿਥੋਂ ਗਭਰੂਆਂ ਨੂੰ ਕੁਸ਼ਤੀਆਂ ਦੀ ਚੇਟਕ ਲੱਗਦੀ। ਆਲੇ ਦੁਆਲੇ ਦੇ ਪਿੰਡਾਂ ਵਿੱਚ ਕੁਸ਼ਤੀਆਂ ਦੇ ਅਖਾੜੇ ਆਮ ਸਨ। ਦਾਰਾ ਸਿੰਘ ਵੀ ਇੰਨਾ ਵਿਚੋ ਹੀ ਇੱਕ ਪਹਿਲਵਾਨ ਸਨ। ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਦਾਰਾ ਸਿੰਘ (ਪਿੰਡ ਦੁਲਚੀਪੁਰ) ਅਤੇ ਦਾਰਾ ਸਿੰਘ ਰੰਧਾਵਾ (ਪਿੰਡ ਧਰਮੂਚੱਕ) ਦੋ ਅਲੱਗ-ਅਲੱਗ ਪਹਿਲਵਾਨ ਸਨ। ਦੋਹਾਂ ਪਹਿਲਵਾਨਾਂ ਦੀ ਵੱਖਰੀ ਸਿਆਣ ਕਰਾਉਣੀ ਹੋਵੇ ਤਾਂ ਵੱਡੇ ਨੂੰ ਦਾਰਾ ਦੁਲਚੀਪੁਰੀਆ ਤੇ ਛੋਟੇ ਨੂੰ ਦਾਰਾ ਧਰਮੂਚੱਕੀਆ ਕਹਿ ਸਕਦੇ ਹਾਂ। ਵੱਡਾ ਸਿੱਧੂ ਜੱਟ ਸੀ ਤੇ ਛੋਟਾ ਰੰਧਾਵਾ ਜੱਟ ਹੈ। ਵੱਡੇ ਦਾ ਕੱਦ ਸੱਤ ਫੁਟ ਦੇ ਕਰੀਬ ਸੀ ਤੇ ਛੋਟੇ ਦਾ ਸਵਾ ਛੇ ਫੁੱਟ ਦੇ ਕਰੀਬ ਹੈ। ਵੱਡਾ ਰਤਾ ਸਾਂਵਲੇ ਰੰਗ ਦਾ ਸੀ ਤੇ ਛੋਟਾ ਕਣਕਵੰਨੇ ਰੰਗ ਦਾ ਹੈ। ਵੱਡੇ ਨੂੰ ਦਾਰਾ ਕਿੱਲਰ ਕਿਹਾ ਜਾਂਦਾ ਸੀ ਜਾਂ ਦਾਰਾ ਜੇਲ੍ਹਰ। ਸੀਰੀਅਲ ਰਾਮਾਇਣ ਵਿੱਚ ਹਨੂੰਮਾਨ ਦਾ ਰੋਲ ਕਰ ਕੇ ਛੋਟਾ ਦਾਰਾ ਬਜਰੰਗ ਬਲੀ ਵੱਜਿਆ। ਛੋਟੇ ਦਾਰਾ ਸਿੰਘ ਨੂੰ ਤਾਂ ਜੱਗ ਜਾਣਦਾ ਹੈ ਜਦ ਕਿ ਵੱਡਾ ਦਾਰਾ ਸਿੰਘ ਰੁਸਤਮੇ ਜਮਾਂ ਬਣਨ ਤੋਂ ਬਾਅਦ ਵੀ ਗੁੰਮਨਾਮੀ ਦੀਆਂ ਗਲੀਆਂ ਵਿੱਚ ਗੁਆਚ ਗਿਆ।[1]
ਦਾਰਾ ਸਿੰਘ ਦੁਲਚੀਪੁਰ
ਪਹਿਲਵਾਨ ਦਾਰਾ ਸਿੰਘ ਦਾ ਜਨਮ 1918 ਵਿੱਚ ਹੋਇਆ| ਦਾਰਾ ਸਿੰਘ ਦਾ ਜੱਦੀ ਪਿੰਡ ਦੁਲਚੀਪੁਰ ਸੀ| ਪਿੰਡ ਜ਼ਿਲਾ ਅੰਮ੍ਰਿਤਸਰ ਵਿੱਚ ਸਥਿਤ ਹੈ। ਦਾਰਾ ਸਿੰਘ ਦਾ ਕੱਦ 7 ਫੁੱਟ ਦੇ ਆਸਪਾਸ ਸੀ। ਉਸ ਨੇ ਪਹਿਲਵਾਨੀ ਦੇ ਖੇਤਰ ਵਿੱਚ ਨਾਮ ਖੱਟਿਆ। ਦਾਰੇ ਦੁਲਚੀਪੁਰੀਏ ਦੀ ਦਾਸਤਾਨ ਦਰਦਨਾਕ ਤੇ ਜੱਗੋਂ ਨਿਆਰੀ ਹੈ। ਉਹ 1918 ਵਿੱਚ ਤਰਨਤਾਰਨ ਤੇ ਖਡੂਰ ਸਾਹਿਬ ਵਿਚਕਾਰ ਛੋਟੇ ਜਿਹੇ ਪਿੰਡ ਦੁਲਚੀਪੁਰ ਵਿੱਚ ਪਿਆਰਾ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਪੈਦਾ ਹੋਇਆ ਸੀ। ਉਦੋਂ ਪਹਿਲੀ ਵਿਸ਼ਵ ਜੰਗ ਮੁੱਕਣ ਵਾਲੀ ਸੀ ਤੇ ਜਲ੍ਹਿਆਂ ਵਾਲੇ ਦਾ ਸਾਕਾ ਵਰਤਣ ਵਾਲਾ ਸੀ। ਉਹ ਛੇ ਭੈਣ ਭਰਾ ਸਨ। ਦਾਰਾ ਅਜੇ ਦਸ ਸਾਲ ਦਾ ਹੀ ਸੀ ਕਿ ਪਿਆਰਾ ਸਿੰਘ ਪਲੇਗ ਦੀ ਬਿਮਾਰੀ ਨਾਲ ਪਰਲੋਕ ਸਿਧਾਰ ਗਿਆ। ਵੱਡੇ ਪਰਿਵਾਰ ਦੀ ਜਿ਼ੰਮੇਵਾਰੀ ਵੱਡੇ ਭਰਾ ਇੰਦਰ ਸਿੰਘ ਦੇ ਸਿਰ ਆਣ ਪਈ। ਇੰਦਰ ਸਿੰਘ ਖ਼ੁਦ ਭਲਵਾਨੀ ਕਰਨ ਲੱਗਾ ਸੀ ਪਰ ਉਸ ਦੀਆਂ ਪਹਿਲਵਾਨ ਬਣਨ ਦੀਆਂ ਰੀਝਾਂ ਮਨ ਵਿੱਚ ਹੀ ਰਹਿ ਗਈਆਂ। [2][3]
ਇੰਦਰ ਸਿੰਘ ਨੇ ਆਪਣੇ ਛੋਟੇ ਭਰਾ ਦਾਰਾ ਸਿੰਘ ਦੀ ਖੁਰਾਕ ਦਾ ਚੰਗਾ ਪ੍ਰਬੰਧ ਕੀਤਾ ਤੇ ਉਸ ਨੂੰ ਪਹਿਲਵਾਨ ਬਣਾਉਣਾ ਚਾਹਿਆ। ਦਾਰਾ ਮੁੱਢੋਂ ਹੀ ਬੜਾ ਹੁੰਦੜਹੇਲ ਸੀ ਤੇ ਚੌਦਾਂ ਪੰਦਰਾਂ ਸਾਲ ਦੀ ਉਮਰ ਵਿੱਚ ਆਪਣੇ ਨਾਲੋਂ ਵਡੇਰੇ ਜੁਆਨਾਂ ਨੂੰ ਢਾਹੁਣ ਲੱਗ ਪਿਆ ਸੀ। ਮਾਲ ਚਾਰਦਿਆਂ ਉਹ ਹਾਣੀਆਂ ਨਾਲ ਡਹਿਣ ਲੱਗ ਪੈਂਦਾ ਤੇ ਕਈ ਵਾਰ ਉਲਾਂਭੇ ਵੀ ਲਿਆਉਂਦਾ। ਉਸ ਵਿੱਚ ਮਾਰਖੋਰੀ ਬਿਰਤੀ ਜਮਾਂਦਰੂ ਸੀ। ਇਕੇਰਾਂ ਉਸ ਨੇ ਆਪਣੇ ਨਾਲ ਡੰਗਰ ਚਾਰਦੇ ਇੱਕ ਮੁੰਡੇ ਦਾ ਡਲਾ ਮਾਰ ਕੇ ਸਿਰ ਲਹੂ ਲੁਹਾਣ ਕਰ ਦਿੱਤਾ ਸੀ। ਪਿੰਡ ਦੇ ਸਿਆਣੇ ਬੰਦਿਆਂ ਨੇ ਇੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਇਸ ਨੂੰ ਕਿਸੇ ਚੰਗੇ ਪਹਿਲਵਾਨ ਦੇ ਅਖਾੜੇ ਵਿੱਚ ਛੱਡੋ ਤਾਂ ਕਿ ਇਹ ਤਕੜਾ ਪਹਿਲਵਾਨ ਬਣ ਸਕੇ। ਗੁਆਂਢੀ ਪਿੰਡ ਦੇ ਕਿਸੇ ਪਹਿਲਵਾਨ ਨੇ ਦੱਸ ਪਾ ਦਿੱਤੀ ਕਿ ਇਹਨੂੰ ਲਾਹੌਰ ਪਹਿਲਵਾਨ ਸੱਜਣ ਸਿੰਘ ਦਾ ਪੱਠਾ ਬਣਾਓ।
ਇੰਦਰ ਸਿੰਘ ਨੇ ਘਿਓ ਦਾ ਪੀਪਾ, ਸੁੱਕੇ ਮੇਵਿਆਂ ਦਾ ਝੋਲਾ, ਸਵਾ ਰੁਪਿਆ ਤੇ ਪੱਗ ਲੈ ਕੇ ਦਾਰੇ ਨਾਲ ਲਾਹੌਰ ਨੂੰ ਚਾਲੇ ਪਾ ਲਏ। ਉਸਤਾਦ ਸੱਜਣ ਸਿੰਘ ਨੂੰ ਪੱਗ ਤੇ ਸਵਾ ਰੁਪਿਆ ਮੱਥਾ ਟੇਕ ਕੇ ਗੁਰੂ ਧਾਰਨ ਕਰ ਲਿਆ। ਸੱਜਣ ਸਿੰਘ ਦੇ ਅਖਾੜੇ ਵਿੱਚ ਦਾਰੇ ਨੇ ਤਿੰਨ ਚਾਰ ਸਾਲ ਕੁਸ਼ਤੀਆਂ ਦੀ ਸਿਖਲਾਈ ਲਈ ਤੇ ਦਾਅ ਰਵਾਂ ਕੀਤੇ। ਲਾਹੌਰ ਵਿੱਚ ਉਹ ਕਈ ਅਖਾੜਿਆਂ ਵਿੱਚ ਘੁੰਮਿਆ ਤੇ ਵੱਡੇ ਵੱਡੇ ਪਹਿਲਵਾਨਾਂ ਨੂੰ ਮਿਲਿਆ। ਉਹ ਗਾਮੇ ਤੇ ਅਮਾਮ ਬਖਸ਼ ਵਰਗੇ ਵੱਡੇ ਪਹਿਲਵਾਨਾਂ ਦੇ ਸੰਪਰਕ ਵਿੱਚ ਆਇਆ। ਅਜੇ ਉਹ ਵੀਹ ਸਾਲਾਂ ਦਾ ਵੀ ਨਹੀਂ ਸੀ ਹੋਇਆ ਕਿ ਉਹਦੀ ਕੁਸ਼ਤੀ ਦੀਆਂ ਧੁੰਮਾਂ ਪੈਣ ਲੱਗੀਆਂ।
ਸਿੰਘਾਪੁਰ ਜਾਣਾ
ਖੇਤੀਬਾੜੀ ਨਾਲ ਪਰਿਵਾਰ ਦਾ ਗੁਜ਼ਾਰਾ ਔਖਾ ਹੋਣ ਕਾਰਨ ਦਾਰਾ ਸਿੰਘ ਦੇ ਇੱਕ ਭਰਾ ਦਲੀਪ ਸਿੰਘ ਨੂੰ ਖੱਟੀ ਕਮਾਈ ਲਈ ਸਿੰਘਾਪੁਰ ਜਾਣਾ ਪਿਆ। ਉਥੇ ਉਸ ਨੇ ਡੇਅਰੀ ਫਾਰਮ ਦਾ ਧੰਦਾ ਚਲਾਇਆ ਤੇ ਕੁਝ ਸਮੇਂ ਪਿਛੋਂ ਦਾਰਾ ਸਿੰਘ ਨੂੰ ਵੀ ਆਪਣੇ ਕੋਲ ਬੁਲਾ ਲਿਆ। ਉਦੋਂ ਉਹਦੀ ਉਮਰ ਵੀਹ ਕੁ ਸਾਲ ਦੀ ਸੀ। ਇਹ 1937-38 ਦੀਆਂ ਗੱਲਾਂ ਹਨ। ਉਨ੍ਹੀਂ ਦਿਨੀਂ ਮਲਾਇਆ ਸਿੰਗਾਪੁਰ ਵਿੱਚ ਫਰੀ ਸਟਾਈਲ ਕੁਸ਼ਤੀਆਂ ਦੇ ਦੰਗਲ ਹੁੰਦੇ ਸਨ ਜਿਹਨਾਂ ‘ਚ ਦਾਰਾ ਸਿੰਘ ਵੀ ਭਾਗ ਲੈਣ ਲੱਗਾ। ਦੁੱਧ ਘਿਉ ਘਰ ਦੀ ਡੇਅਰੀ ਦਾ ਖੁੱਲ੍ਹਾ-ਡੁੱਲ੍ਹਾ ਹੋਣ ਕਾਰਨ ਉਹਦਾ ਜੁੱਸਾ ਪੂਰਾ ਭਰ ਗਿਆ ਤੇ ਉਹਦਾ ਕੱਦ ਛੇ ਫੁਟ ਗਿਆਰਾਂ ਇੰਚ ਹੋ ਗਿਆ। ਦੇਸੀ ਕੁਸ਼ਤੀ ਤਾਂ ਉਸ ਨੂੰ ਆਉਂਦੀ ਹੀ ਸੀ, ਉਹ ਸਿੰਘਾਪੁਰ ਵਿੱਚ ਫਰੀ ਸਟਾਈਲ ਕੁਸ਼ਤੀਆਂ ਦੀ ਵੀ ਸਿਖਲਾਈ ਲੈਣ ਲੱਗਾ। ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਅਣਪੜ੍ਹਤਾ ਸੀ ਜਿਸ ਕਰ ਕੇ ਕੋਈ ਚੰਗੀ ਨੌਕਰੀ ਨਹੀਂ ਸੀ ਮਿਲ ਰਹੀ।
ਮਲਾਇਆ ਪੁਲਿਸ ਦੀ ਭਰਤੀ
ਇਕ ਦਿਨ ਮਲਾਇਆ ਪੁਲਿਸ ਦੀ ਭਰਤੀ ਹੋ ਰਹੀ ਸੀ ਜਿਥੇ ਉਹ ਵੀ ਲਾਈਨ ਵਿੱਚ ਜਾ ਲੱਗਾ। ਅੰਗਰੇਜ਼ ਅਫਸਰ ਉਹਦਾ ਕੱਦ ਮਿਣ ਕੇ ਹੈਰਾਨ ਰਹਿ ਗਿਆ। ਦਾਰਾ ਅਣਪੜ੍ਹ ਹੋਣ ਕਾਰਨ ਭਰਤੀ ਕਰਨ ਦੇ ਯੋਗ ਨਹੀਂ ਸੀ। ਕਿਹਾ ਜਾਂਦੈ ਕਿ ਅਫਸਰ ਨੇ ਸ਼ਰਤ ਰੱਖੀ ਪਈ ਪਹਿਲਾਂ ਹੀ ਭਰਤੀ ਛੇ ਪਹਿਲਵਾਨਾਂ ਨਾਲ ਉਸ ਨੂੰ ਘੁਲਣਾ ਪਵੇਗਾ। ਦਾਰਾ ਸਿੰਘ ਨੇ ਉਨ੍ਹਾਂ ਨੂੰ ਵੇਖੇ ਬਿਨਾਂ ਹੀ ਹਾਂ ਕਰ ਦਿੱਤੀ। ਜਦੋਂ ਕੁਸ਼ਤੀਆਂ ਹੋਈਆਂ ਤਾਂ ਉਸ ਨੇ ਸਾਰੇ ਪਹਿਲਵਾਨ ਚਿੱਤ ਕਰ ਦਿੱਤੇ। ਉਹਦੀ ਤਾਕਤ ਦੀਆਂ ਧੁੰਮਾਂ ਪੈ ਗਈਆਂ ਤੇ ਅਫਸਰ ਨੇ ਉਸ ਨੂੰ ਸਿਪਾਹੀ ਭਰਤੀ ਕਰਨ ਦੀ ਥਾਂ ਇੱਕ ਦਰਜਾ ਤਰੱਕੀ ਦੇ ਕੇ ਲਾਂਸ ਕਾਰਪੋਰਲ ਬਣਾ ਦਿੱਤਾ। ਫਿਰ ਉਹ ਤਰੱਕੀ ਕਰ ਕੇ ਸਬ ਇੰਸਪੈਕਟਰ ਬਣ ਗਿਆ।
ਉਧਰ ਦੂਜੀ ਵਿਸ਼ਵ ਜੰਗ ਸ਼ੁਰੂ ਹੋ ਗਈ। ਜਪਾਨ ਮਾਰੋ ਮਾਰ ਕਰਦਾ ਮਲਾਇਆ ਵੱਲ ਵਧਣ ਲੱਗਾ। ਮਲਾਇਆ ਦੀ ਪੁਲਿਸ ਨੂੰ ਵੀ ਅੰਗਰੇਜ਼ਾਂ ਨੇ ਜਪਾਨੀਆਂ ਵਿਰੁੱਧ ਲੜਨ ਦਾ ਹੁਕਮ ਦਿੱਤਾ। ਦਾਰਾ ਸਿੰਘ ਦਾ ਨਿਸ਼ਾਨਾ ਕੁਸ਼ਤੀਆਂ ਵਿੱਚ ਨਾਂ ਚਮਕਾਉਣ ਦਾ ਸੀ ਤੇ ਉਹ ਲੜਨਾ ਨਹੀਂ ਸੀ ਚਾਹੁੰਦਾ ਪਰ ਬੱਧੇ ਰੁਧੇ ਨੂੰ ਮੋਰਚੇ ਵਿੱਚ ਜਾਣਾ ਪਿਆ। ਜਪਾਨੀਆਂ ਨੇ ਮਲਾਇਆ ਤੇ ਕਬਜ਼ਾ ਕਰ ਲਿਆ। ਦਾਰਾ ਸਿੰਘ ਨੂੰ ਪਹਿਲਾਂ ਤਾਂ ਜਪਾਨੀ ਸਜ਼ਾ ਦੇਣ ਲੱਗੇ ਪਰ ਉਸ ਨੂੰ ਤਕੜਾ ਪਹਿਲਵਾਨ ਜਾਣ ਕੇ ਬਰੀ ਕਰ ਦਿੱਤਾ ਤੇ ਆਪਣੀ ਨੌਕਰੀ ਦੇ ਦਿੱਤੀ। ਦਾਰਾ ਸਿੰਘ ਨੇ ਰੱਬ ਦਾ ਸ਼ੁਕਰ ਕੀਤਾ। ਫਿਰ ਅੰਗਰੇਜ਼ ਮਲਾਇਆ ‘ਤੇ ਕਾਬਜ਼ ਹੋਏ ਤਾਂ ਦਾਰਾ ਸਿੰਘ ‘ਤੇ ਜਪਾਨੀਆਂ ਦੀ ਮਦਦ ਕਰਨ ਦਾ ਮੁਕੱਦਮਾ ਚੱਲਿਆ। ਦਾਰਾ ਸਿੰਘ ਨੇ ਜਪਾਨੀਆਂ ਦੀ ਕੋਈ ਐਸੀ ਵੈਸੀ ਮਦਦ ਨਹੀਂ ਸੀ ਕੀਤੀ ਜਿਸ ਕਰ ਕੇ ਉਹ ਮੁਕੱਦਮੇ ਵਿਚੋਂ ਬਰੀ ਹੋ ਗਿਆ।
ਵਿਆਹ
ਉਹਨਾਂ ਦਿਨੀਂ ਉਸ ਦਾ ਵਿਆਹ ਮਲਾਇਆ ਵਿੱਚ ਬੀਬੀ ਬਲਬੀਰ ਕੌਰ ਨਾਲ ਹੋ ਗਿਆ ਤੇ ਉਸ ਨੇ ਕੁਸ਼ਤੀਆਂ ਪੇਸੇ਼ ਦੇ ਤੌਰ ‘ਤੇ ਅਪਣਾ ਲਈਆਂ। ਉਹ ਡੇਅਰੀ ਦਾ ਦੁੱਧ ਪਾਉਣ ਬਲਬੀਰ ਹੋਰਾਂ ਦੇ ਘਰ ਜਾਇਆ ਕਰਦਾ ਸੀ। ਬਲਬੀਰ ਦੇ ਮਾਪੇ ਪਿਛੋਂ ਮਾਝੇ ਦੇ ਹੀ ਸਨ। ਉਹ ਆਪਣੀ ਮੁਟਿਆਰ ਹੋ ਰਹੀ ਧੀ ਲਈ ਵਰ ਲੱਭ ਰਹੇ ਸਨ। ਉਨ੍ਹਾਂ ਨੇ ਦਲੀਪ ਸਿੰਘ ਨੂੰ ਕਹਿ ਰੱਖਿਆ ਸੀ ਕਿ ਬੀਰੋ ਲਈ ਵਰ ਟੋਲਣਾ ਹੈ। ਦਲੀਪ ਸਿੰਘ ਨੇ ਦਾਰੇ ਬਾਰੇ ਪੁਛਿਆ ਤਾਂ ਬੀਰੋ ਦੇ ਮਾਪਿਆਂ ਨੇ ਹਾਂ ਕਰ ਦਿੱਤੀ ਤੇ ਉਨ੍ਹਾਂ ਦਾ ਉਥੇ ਹੀ ਵਿਆਹ ਹੋ ਗਿਆ। ਉਹ ਰੰਗੀਂ ਵਸਣ ਲੱਗੇ ਤੇ ਉਨ੍ਹਾਂ ਦੇ ਘਰ ਪੁੱਤਰ ਹੋਇਆ। ਦਲੀਪ ਸਿੰਘ ਪਿੰਡ ਪਰਤ ਆਇਆ।
ਕੁਸ਼ਤੀਆਂ
ਦਾਰਾ ਦੁਲਚੀਪੁਰੀਆ ਸੱਤ ਫੁੱਟਾ ਪਹਿਲਵਾਨ ਸੀ। ਉਹਨੇ ਵਰਲਡ ਚੈਂਪੀਅਨ ਕਿੰਗਕਾਂਗ ਨੂੰ ਢਾਹ ਕੇ ਦੁਨੀਆ ਵਿੱਚ ਦਾਰਾ ਦਾਰਾ ਕਰਵਾ ਦਿੱਤੀ ਸੀ। ਉਹ ਜੀਂਦੇ ਜੀਅ ਮਿੱਥ ਬਣ ਗਿਆ ਸੀ ਤੇ ਉਹਦੇ ਬਾਰੇ ਦੰਦ ਕਥਾਵਾਂ ਚੱਲ ਪਈਆਂ ਸਨ। ਇੱਕ ਦੰਦ ਕਥਾ ਸੀ ਕਿ ਉਸ ਨੇ ਦੋ ਜਣਿਆਂ ਨੂੰ ਧੌਣੋਂ ਫੜ ਕੇ ਆਪਸ ਵਿੱਚ ਭਿੜਾ ਕੇ ਛੱਪੜ ਵਿੱਚ ਡੋਬ ਦਿੱਤਾ ਸੀ। ਦੂਜੀ ਦੰਦ ਕਥਾ ਸੀ ਪਈ ਉਹਨੂੰ ਮਾਰਖੰਡਾ ਸਾਨ੍ਹ ਪੈ ਗਿਆ ਪਰ ਦਾਰੇ ਨੇ ਸਿੰਗ ਫੜ ਲਏ। ਫਿਰ ਦੋਵੇਂ ਧੱਕਮਧੱਕੀ ਹੋਣ ਲੱਗੇ। ਕਦੇ ਦਾਰਾ ਸਾਨ੍ਹ ਨੂੰ ਦਸ ਕਦਮ ਪਿਛੇ ਧੱਕ ਲਿਜਾਂਦਾ ਤੇ ਕਦੇ ਸਾਨ੍ਹ ਦਾਰੇ ਦੇ ਪੈਰ ਉਖਾੜ ਦਿੰਦਾ। ਆਖ਼ਰ ਸਾਨ੍ਹ ਦੀ ਮੋਕ ਵਗ ਗਈ ਤੇ ਸਿੰਗ ਛੁਟਦਿਆਂ ਅਜਿਹਾ ਭੱਜਿਆ ਕਿ ਮੁੜ ਉਸ ਪਿੰਡ ਦੀ ਜੂਹ ਵਿੱਚ ਨਾ ਵੜਿਆ।
ਮਲਾਇਆ ਸਿੰਘਾਪੁਰ ਵਿੱਚ ਟਿਕਟਾਂ ਉੱਤੇ ਹੁੰਦੀਆਂ ਕੁਸ਼ਤੀਆਂ ‘ਚੋਂ ਦਾਰੇ ਨੂੰ ਚੰਗੇ ਪੈਸੇ ਬਣਨ ਲੱਗੇ। ਉਦੋਂ ਕੁ ਹੀ ਦਾਰਾ ਸਿੰਘ ਧਰਮੂਚੱਕੀਆ ਵੀ ਉਧਰ ਪੁੱਜ ਗਿਆ ਜੋ ਉਸ ਤੋਂ ਦਸ ਸਾਲ ਛੋਟਾ ਸੀ। ਉਸ ਦੇ ਚਾਚੇ ਨਿਰੰਜਣ ਸਿੰਘ ਨਾਲ ਦਾਰੇ ਦੁਲਚੀਪੁਰੀਏ ਦਾ ਚੰਗਾ ਬਹਿਣ ਉਠਣ ਸੀ। ਉਹ ਰਲ ਕੇ ਸ਼ਰਾਬ ਪੀਂਦੇ ਤੇ ਕਦੇ ਕਦੇ ਚੀਨਿਆਂ ਦਾ ਚੰਡੂ ਸੂਟਾ ਵੀ ਲਾਉਂਦੇ। ਇੱਕ ਲੜਾਈ ਝਗੜੇ ਕਾਰਨ ਉਹ ਠਾਣੇ ਵਿੱਚ ਬੰਦ ਵੀ ਹੋਏ ਜੋ ਦਾਰੇ ਦੇ ਕੁਸ਼ਤੀ ਮੈਨੇਜਰ ਬਾਬੂ ਰਾਮ ਦਰਸ਼ ਨੇ ਜ਼ਮਾਨਤ ‘ਤੇ ਛੁਡਾਏ। ਇਹ ਜਿ਼ਕਰਯੋਗ ਹੈ ਕਿ ਜਿੱਦਣ ਦਾਰੇ ਨੇ ਆਪਣੇ ਸ਼ਰੀਕ ਭਰਾ ਸਰਦਾਰੇ ਨੂੰ ਦੁਲਚੀਪੁਰ ਦੇ ਛੱਪੜ ਵਿੱਚ ਡੁਬੋ ਕੇ ਮਾਰਿਆ ਉੱਦਣ ਨਿਰੰਜਣ ਸਿੰਘ ਤੇ ਅਨੋਖ ਸਿੰਘ ਵੀ ਨਾਲ ਹੀ ਸਨ। ਦਾਰੇ ਤੇ ਇੰਦਰ ਸਿੰਘ ਨੂੰ ਤਾਂ ਸਜ਼ਾ ਹੋ ਗਈ ਜਦ ਕਿ ਦਾਰੇ ਦਾ ਚਾਚਾ ਨਿਰੰਜਣ ਸਿੰਘ ਰੰਧਾਵਾ ਤੇ ਅਨੋਖ ਸਿੰਘ ਸ਼ਨਾਖਤ ਨਾ ਹੋਣ ਕਰ ਕੇ ਸ਼ੱਕ ਦੀ ਬਿਨਾ ‘ਤੇ ਬਰੀ ਹੋ ਗਏ।
1946 ਵਿੱਚ ਦਾਰਾ ਸਿੰਘ ਮਲਾਇਆ ਦਾ ਚੈਂਪੀਅਨ ਬਣ ਗਿਆ। ਫਿਰ ਉਹਦੀ ਟੱਕਰ ਫਰੀ ਸਟਾਈਲ ਕੁਸ਼ਤੀ ਦੇ ਵਰਲਡ ਚੈਂਪੀਅਨ ਕਿੰਗਕਾਂਗ ਨਾਲ ਕਰਵਾਈ ਗਈ।[4] ਕਿੰਗਕਾਂਗ ਦਾ ਭਾਰ 700 ਪੌਂਡ ਸੀ ਤੇ ਦਾਰਾ ਸਿੰਘ ਦਾ 278 ਪੌਂਡ। ਪਰ ਦਾਰੇ ਨੇ ਤੇਰ੍ਹਾਂ ਮਿੰਟਾਂ ‘ਚ ਈ ਕਿੰਗਕਾਂਗ ਨੂੰ ਤਾਰੇ ਵਿਖਾ ਦਿੱਤੇ। ਇਥੋਂ ਤਕ ਕਿ ਉਹਦੀ ਇੱਕ ਲੱਤ ਵੀ ਤੋੜ ਦਿੱਤੀ। ਬਾਅਦ ਵਿੱਚ ਪਤਾ ਲੱਗਾ ਕਿ ਲੱਤ ਨਹੀਂ ਸੀ ਟੁੱਟੀ ਬਲਕਿ ਗੋਡਾ ਨਿਕਲਿਆ ਸੀ। ਫਿਰ ਉਸ ਨੂੰ ਹੋਰਨਾਂ ਮੁਲਕਾਂ ਤੋਂ ਵੀ ਕੁਸ਼ਤੀਆਂ ਲੜਨ ਦੇ ਸੱਦੇ ਆਉਣ ਲੱਗੇ ਤੇ ਦੁਨੀਆ ਵਿੱਚ ਦਾਰਾ-ਦਾਰਾ ਹੋ ਗਈ। ਉਹਦੀਆਂ ਕੁਸ਼ਤੀਆਂ ਉੱਤੇ ਰੁਪਈਆਂ ਦਾ ਮੀਂਹ ਵਰ੍ਹਨ ਲੱਗਾ।
ਆਖਰੀ ਸਮਾਂ
ਦਾਰਾ ਸਿੰਘ ਦੇ ਜੀਵਨ ਵਿੱਚ ਬੜੇ ਉਤਰਾਅ ਚੜ੍ਹਾਅ ਆਏ। ਉਸ ਦੀ ਜੀਵਨ ਗਾਥਾ ਖੇਤੀ, ਕੁਸ਼ਤੀ, ਖੂੰਨ, ਸਜ਼ਾ, ਰੁਮਾਂਸ, ਸਰਪੰਚੀ, ਨਸ਼ੇ ਤੇ ਭਲਵਾਨੀ ਕਲਚਰ ਵਿੱਚ ਗੁੱਧੀ ਹੋਈ ਹੈ ਜਿਸ ‘ਤੇ ਕਾਮਯਾਬ ਫਿਲਮ ਬਣ ਸਕਦੀ ਹੈ। ਉਸ ਦਾ ਆਖ਼ਰੀ ਸਮਾਂ ਬੜਾ ਬੁਰਾ ਬੀਤਿਆ ਸੀ। ਉਹ ਸ਼ੂਗਰ ਤੇ ਜੋੜਾਂ ਦੀਆਂ ਬਿਮਾਰੀਆਂ ਦਾ ਸਿ਼ਕਾਰ ਹੋ ਗਿਆ ਸੀ, ਪੈਰਾਂ ਦੇ ਅੰਗੂਠੇ ਕੱਟੇ ਗਏ ਸਨ ਤੇ ਚੂਲਾ ਟੁੱਟ ਗਿਆ ਸੀ। ਉਸ ਦਾ ਜੁੱਸਾ ਸਵਾ ਕੁਇੰਟਲ ਤੋਂ ਘਟ ਕੇ ਸਿਰਫ਼ 70 ਕਿਲੋ ਰਹਿ ਗਿਆ ਸੀ ਤੇ ਉਹ ਸੱਤਰਵੇਂ ਸਾਲ ਦੀ ਉਮਰ ਵਿੱਚ ਗੁਜ਼ਰ ਗਿਆ।25 ਜੁਲਾਈ 1988 ਦੇ ਅੰਮ੍ਰਿਤ ਵੇਲੇ ਉਸ ਨੇ ਆਖ਼ਰੀ ਸਾਹ ਲਿਆ। [5]
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "ਦਾਰਾ ਸਿੰਘ". punjabexpress.com. Retrieved 2012-07-30.
- ↑ "ਗੁੱਮਨਾਮ ਚੈਂਪੀਅਨ, ਦਾਸਤਾਨ-ਏ-ਦਾਰਾ ਸਿੰਘ: ਨਾਵਲ". Chetnaparkashan.com. Retrieved 2012-07-30.{{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}
- ↑ "ਗੁੱਮਨਾਮ ਚੈਂਪੀਅਨ". dkagencies.com. Retrieved 2012-07-30.
- ↑ "Information about Dara Singh". showapuroresu.com. Retrieved 2012-07-30.
- ↑ "ਦਾਰੇ ਦੁਲਚੀਪੁਰੀਏ ਦਾ ਦੁਖਦਾਈ ਅੰਤ --- ਪ੍ਰਿੰ. ਸਰਵਣ ਸਿੰਘ - sarokar.ca". www.sarokar.ca (in English). Retrieved 2018-09-08.