ਗੁਰਭਜਨ ਗਿੱਲ
ਗੁਰਭਜਨ ਗਿੱਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ ਸਰਗਰਮ ਸੱਭਿਆਚਾਰਕ ਕਾਰਕੁਨ ਹੈ।ਉਹ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਰਹਿ ਰਿਹਾ ਹੈ।ਉਸਦੀ ਕਵਿਤਾ ਵਿੱਚ ਸਾਂਝੇ ਪੰਜਾਬ ਦੇ ਝਲਕਾਰੇ ਮਹਿਸੂਸ ਹੁੰਦੇ ਹਨ।ਉਹ ਵਿਸ਼ਵ ਭਰ ਦੀਆਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਸਬੰਧਿਤ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕਰਦਾ ਰਹਿੰਦਾ ਹੈ।ਉਹ ਪੂਰਬੀ ਅਤੇ ਪੱਛਮੀ ਪੰਜਾਬ ਦੀ ਸਾਂਝ ਦਾ ਮੁਦਈ ਹੈ।ਹਾਲ ਹੀ ਵਿੱਚ ਉਸਦੇ ਵਿਸ਼ੇਸ਼ ਉਪਰਾਲਿਆਂ ਸਦਕਾ ਪਾਕਿਸਤਾਨ ਪੰਜਾਬੀ ਸ਼ਾਇਰ ਬਾਬਾ ਨਜ਼ਮੀ ਦਾ ਸਮੁੱਚਾ ਕਲਾਮ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਕਰਕੇ ਪ੍ਰਕਾਸ਼ਤ ਕੀਤਾ ਗਿਆ ਹੈ।[1] ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ ਤੇ ਪਾਕਿਸਤਾਨ ਵਿੱਚ ਪਿਛਲੇ 15 ਸਾਲ ਵਿੱਚ ਅਨੇਕਾਂ ਅੰਤਰ ਰਾਸ਼ਟਰੀ ਸੈਮੀਨਾਰਾਂ ਤੇ ਕਾਨਫਰੰਸਾਂ ਚ ਹਿੱਸਾ ਲੈ ਚੁਕੇ ਹਨ। ਸੱਰੀ(ਕੈਨੇਡਾ) ਚ ਸਥਾਪਤ ਪੰਜਾਬ ਭਵਨ ਦੀ ਸਥਾਪਨਾ ਕਰਵਾਉਣ ਲਈ ਗੁਰਭਜਨ ਗਿੱਲ ਦਾ ਯੋਗਦਾਨ ਇਤਿਹਾਸਕ ਮੀਲ ਪੱਥਰ ਹੈ।
| ਗੁਰਭਜਨ ਗਿੱਲ | |
|---|---|
| ਤਸਵੀਰ:ਗੁਰਭਜਨ ਗਿੱਲ .jpg ਗੁਰਭਜਨ ਗਿੱਲ | |
| ਜਨਮ | 2 ਮਈ 1953 ਪਿੰਡ ਪਿੰਡ ਬਸੰਤ ਕੋਟ, ਬਟਾਲਾ ਤਹਿਸੀਲ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ, ਭਾਰਤ |
| ਅਲਮਾ ਮਾਤਰ | ਸਰਕਾਰੀ ਕਾਲਜ ਲੁਧਿਆਣਾ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
| ਪੇਸ਼ਾ | ਕਵੀ, ਲੇਖਕ, ਸੰਪਾਦਕ |
ਜੀਵਨੀ
ਗੁਰਭਜਨ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਪਿੰਡ ਬਸੰਤ ਕੋਟ ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਮਾਤਾ ਤੇਜ ਕੌਰ ਦੇ ਘਰ 2 ਮਈ 1953 ਨੂੰ ਹੋਇਆ।[2] ਉਹਨਾਂ ਨੇ ਜੀ ਜੀ ਐਨ ਖਾਲਸਾ ਕਾਲਜ ਲੁਧਿਆਣਾ ਤੋਂ ਬੀ ਏ ਅਤੇ ਸਰਕਾਰੀ ਕਾਲਜ (ਲੜਕੇ) ਤੋਂ ਪੋਸਟ ਗਰੇਜੂਏਟ ਡਿਗਰੀ ਕੀਤੀ। ਉਹਨ ਨੇ ਕੁਝ ਦੇਰ ਗੁਰੂ ਨਾਨਕ ਕਾਲਜ ਦੋਰਾਹਾ ਅਤੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਬਤੌਰ ਲੈਕਚਰਾਰ ਪੜ੍ਹਾਇਆ ਅਤੇ ਫਿਰ 1983 ਤੋਂ ਪੰਜਾਬ ਖੇਤੀਬਾੜੀ ਯੁਨੀਵਰਸਟੀ ਵਿਖੇ ਪੰਜਾਬੀ ਐਡੀਟਰ ਨਿਯੁਕਤ ਰਹੇ।ਉਹ ਪੰਜਾਬੀ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵੀ ਨਿਯੁਕਤ ਰਹੇ ਹਨ।
ਵਿਸ਼ੇਸ਼ ਪਹਿਲਕਦਮੀਆਂ
- ਸੱਰੀ(ਕੈਨੇਡਾ) ਵਿਖੇ ਆਪ ਦੀ ਪ੍ਰੇਰਨਾ ਨਾਲ ਸੁੱਖੀ ਬਾਠ ਨੇ ਆਪਣੇ ਪਿਤਾ ਸ: ਅਰਜਨ ਸਿੰਘ ਬਾਠ ਜੀ ਦੀ ਯਾਦ ਵਿੱਚ ਪੰਜਾਬ ਭਵਨ ਦੀ 2016 ਵਿੱਚ ਸਥਾਪਨਾ ਕੀਤੀ ਹੈ।
- ਪ੍ਰੋ: ਮੋਹਨ ਸਿੰਘ ਮੇਲਾ ਕਰਵਾਉਂਨ ਵਾਲੀ ਸੰਸਥਾ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਆਪ ਲੰਮਾ ਸਮਾਂ ਸਕੱਤਰ ਜਨਰਲ ਰਹੇ ਹਨ।
- ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ 2010 ਤੋਂ 2014 ਤੀਕ ਪ੍ਰਧਾਨ ਰਹੇ ਹਨ।
- ਚੇਅਰਮੈਨ:ਪੰਜਾਬੀ ਲੋਕ ਵਿਰਾਸਤ ਅਕਾਡਮੀ (ਲੁਧਿਆਣਾ)
- ਚੇਅਰਮੈਨ: ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਰਾਏਕੋਟ-ਬੱਸੀਆਂ(ਲੁਧਿਆਣਾ)
- ਧਰਤਿ ਵੰਗਾਰੇ ਤਖ਼ਤ ਨੂੰ' ਦੀਆਂ ਰਚਨਾਵਾਂ- ਭਾਰਤੀ ਕਿਸਾਨ ਅੰਦੋਲਨ (2020-2021) ਬਾਰੇ ਲਿਖੀ ਪੰਜਾਬੀ ਕਵਿਤਾ
ਮੁੱਖ ਰਚਨਾਵਾਂ
- ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ)
- ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲ ਸੰਗ੍ਰਹਿ)
- ਸੁਰਖ਼ ਸਮੁੰਦਰ (ਪਹਿਲੇ ਦੋ ਸੰਗ੍ਰਹਿ ਇੱਕ ਜਿਲਦ ਚ)
- ਦੋ ਹਰਫ਼ ਰਸੀਦੀ (ਗ਼ਜ਼ਲਾਂ)
- ਅਗਨ ਕਥਾ (ਕਾਵਿ ਸੰਗ੍ਰਹਿ)
- ਮਨ ਦੇ ਬੂਹੇ ਬਾਰੀਆਂ (ਗ਼ਜ਼ਲਾਂ)
- ਧਰਤੀ ਨਾਦ (ਕਾਵਿ ਸੰਗ੍ਰਹਿ)
- ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕ ਰਿਸ਼ਤਿਆਂ ਬਾਰੇ ਕਵਿਤਾਵਾਂ)
- ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ)
- ਪਾਰਦਰਸ਼ੀ (ਕਾਵਿ ਸੰਗ੍ਰਹਿ)
- ਮੋਰਪੰਖ (ਗ਼ਜ਼ਲਾਂ)
- ਮਨ ਤੰਦੂਰ (ਕਾਵਿ ਸੰਗ੍ਰਹਿ)
- ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਗ਼ਜ਼ਲਾਂ)
- ਗੁਲਨਾਰ (ਗ਼ਜ਼ਲਾਂ)
- ਮਿਰਗਾਵਲੀ (ਗ਼ਜ਼ਲਾਂ)
- ਵਾਰਤਕ ਪੁਸਤਕ - ਕੈਮਰੇ ਦੀ ਅੱਖ ਬੋਲਦੀ
- ਰਾਵੀ (ਗਜ਼ਲ ਸੰਗ੍ਰਹਿ)
- ਸੰਧੂਰਦਾਨੀ(ਰੁਬਾਈ ਸੰਗ੍ਰਹਿ) 2019
- ਸਚਿੱਤਰ ਵਾਰਤਕ ਪੁਸਤਕ: ਕੈਮਰੇ ਦੀ ਅੱਖ ਬੋਲਦੀ(ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਸਮੇਤ)
ਕਾਵਿ ਵੰਨਗੀ
ਕਾਵਿ ਵੰਨਗੀ
<Poem> ਜਿੰਨ੍ਹਾਂ ਕੋਲ ਹਥਿਆਰ ਹਨ ਉਹ ਜਿਊਣਾ ਨਹੀਂ ਜਾਣਦੇ ਸਿਰਫ਼ ਮਰਨਾ ਤੇ ਮਾਰਨਾ ਜਾਣਦੇ ਹਨ। ਖੇਡਣਾ ਨਹੀਂ ਜਾਣਦੇ ਖੇਡ ਵਿਗਾੜਨੀ ਜਾਣਦੇ ਹਨ। ਸ਼ਿਕਾਰ ਖੇਡਦੇ ਖੇਡਦੇ ਖ਼ੂੰਖ਼ਾਰ ਸ਼ਿਕਾਰੀ। ਹਰ ਪਲ ਸ਼ਿਕਾਰ ਲੱਭਦੇ। ਜਿੰਨ੍ਹਾਂ ਕੋਲ ਹਥਿਆਰ ਹਨ ਉਹਨਾਂ ਕੋਲ ਬਹੁਤ ਕੁਝ ਹੈ ਖੁਸ਼ੀਆਂ ਖੇੜਿਆਂ ਚਾਵਾਂ ਤੋਂ ਸਿਵਾ। ਹਥਿਆਰਾਂ ਵਾਲਿਆਂ ਕੋਲ ਪੰਡਾਂ ਦੀਆਂ ਪੰਡਾਂ ਹੈਂਕੜ ਹੈ ਹੰਕਾਰ ਹੈ ਬੇਮੁਹਾਰ। ਜਾਂਗਲੀ ਵਿਹਾਰ ਹੈ। ਜਾਨ ਲੈਣਾ ਕਿਰਦਾਰ ਹੈ। ਰਹਿਮ ਤੋਂ ਸਿਵਾ। ਉਹ ਨਹੀਂ ਜਾਣਦੇ ਹਥਿਆਰ ਦਾ ਮੂੰਹ ਕਾਲ਼ਾ ਹੁੰਦੈ। ਤੇ ਮੌਤ ਤੋਂ ਸਿਵਾ ਉਹ ਕੁਝ ਵੀ ਵੰਡਣ ਦੇ ਕਾਬਲ ਨਹੀਂ ਹੁੰਦੇ। ... 2. ਲੋਰੀ ਮਾਏ ਨੀ ਅਣਜੰਮੀ ਧੀ ਨੂੰ, ਆਪਣੇ ਨਾਲੋਂ ਵਿੱਛੜੇ ਜੀਅ ਨੂੰ, ਜਾਂਦੀ ਵਾਰੀ ਮਾਏ ਨੀ ਇੱਕ ਲੋਰੀ ਦੇ ਦੇ। ਬਾਬਲ ਤੋਂ ਭਾਵੇਂ ਚੋਰੀ ਨੀ ਇੱਕ ਲੋਰੀ ਦੇ ਦੇ।
ਮੰਨਿਆ ਤੇਰੇ ਘਰ ਵਿੱਚ ਵਧ ਗਏ, ਧੀਆਂ ਵਾਲੇ ਗੁੱਡੀ ਪਟੋਲੇ। ਤੇਰੇ ਦਿਲ ਦਾ ਹਉਕਾ ਨੀ ਮੈਂ, ਸੁਣਦੀ ਰਹੀ ਆਂ ਤੇਰੇ ਓਹਲੇ। ਮੈਨੂੰ ਮਾਰ ਮੁਕਾਉਣ ਦੀ ਗੱਲ ਕਿਉਂ, ਤੂੰਹੀਉਂ ਪਹਿਲਾਂ ਤੋਰੀ, ਨੀ ਇੱਕ ਲੋਰੀ ਦੇ ਦੇ।
ਮਾਏ ਨੀ ਤੇਰੀ ਗੋਦੀ ਅੰਦਰ, ਬੈਠਣ ਨੂੰ ਮੇਰਾ ਜੀਅ ਕਰਦਾ ਸੀ। ਬਾਬਲ ਦੀ ਤਿਊੜੀ ਨੂੰ ਤੱਕ ਕੇ, ਹਰ ਵਾਰੀ ਮੇਰਾ ਜੀਅ ਡਰਦਾ ਸੀ। ਧੀਆਂ ਬਣ ਕੇ ਜੰਮਣਾ ਏਥੇ, ਕਿਉਂ ਬਣ ਗਈ ਕਮਜ਼ੋਰੀ, ਨੀ ਇੱਕ ਲੋਰੀ ਦੇ ਦੇ।
ਮਾਏ ਨੀ ਮੇਰੀ ਨਾਨੀ ਦੇ ਘਰ, ਤੂੰ ਵੀ ਸੀ ਕਦੇ ਧੀ ਬਣ ਜੰਮੀ। ਕੁੱਖ ਵਿੱਚ ਕਤਲ ਕਰਾਵਣ ਵਾਲੀ, ਕਿਉਂ ਕੀਤੀ ਤੂੰ ਗੱਲ ਨਿਕੰਮੀ, ਵੀਰਾ ਲੱਭਦੀ ਲੱਭਦੀ ਹੋ ਗਈ, ਕਿਉਂ ਮਮਤਾ ਤੋਂ ਕੋਰੀ ? ਨੀ ਇੱਕ ਲੋਰੀ ਦੇ ਦੇ।
ਹਸਪਤਾਲ ਦੇ ਕਮਰੇ ਅੰਦਰ, ਪਈਆਂ ਨੇ ਜੋ ਅਜਬ ਮਸ਼ੀਨਾਂ। ਪੁੱਤਰਾਂ ਨੂੰ ਇਹ ਕੁਝ ਨਾ ਆਖਣ, ਸਾਡੇ ਲਈ ਕਿਉਂ ਬਣਨ ਸੰਗੀਨਾਂ। ਡਾਕਟਰਾਂ ਚਹੁੰ ਸਿੱਕਿਆਂ ਖਾਤਰ, ਕੱਟੀ ਜੀਵਨ ਡੋਰੀ, ਨੀ ਇੱਕ ਲੋਰੀ ਦੇ ਦੇ।
ਧੀ ਤਿਤਲੀ ਨੂੰ ਮਸਲਣ ਵੇਲੇ, ਚੁੱਪ ਖੜ੍ਹੇ ਕਿਉਂ ਧਰਮਾਂ ਵਾਲੇ, ਗੂੰਗੇ ਬੋਲੇ ਹੋ ਗਏ ਸਾਰੇ, ਨੱਕ ਨਮੂਜ਼ਾਂ ਸ਼ਰਮਾਂ ਵਾਲੇ। ਬਿਨ ਡੋਲੀ ਤੋਂ ਧਰਮੀ ਮਾਪਿਆਂ, ਕਿੱਧਰ ਨੂੰ ਧੀ ਤੋਰੀ ? ਨੀ ਇੱਕ ਲੋਰੀ ਦੇ ਦੇ।
ਸੁੱਤਿਆਂ ਲਈ ਸੌ ਯਤਨ ਵਸੀਲੇ, ਜਾਗਦਿਆਂ ਨੂੰ ਕਿਵੇਂ ਜਗਾਵਾਂ? ਰੱਖੜੀ ਦੀ ਤੰਦ ਖ਼ਤਰੇ ਵਿੱਚ ਹੈ, ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ। ਅੰਮੜੀਏ! ਮੈਨੂੰ ਗੁੜ੍ਹਤੀ ਦੀ ਥਾਂ, ਦੇਈਂ ਨਾ ਜ਼ਹਿਰ ਕਟੋਰੀ, ਨੀ ਇੱਕ ਲੋਰੀ ਦੇ ਦੇ। </Poem>